ਔੜ/ਝਿੰਗੜਾਂ, 25 ਅਪ੍ਰੈਲ (ਕੁਲਦੀਪ ਸਿੰਘ ਝਿੰਗੜ) - ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਫ਼ਸਲਾਂ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਮੁਹਿੰਮ ਤਹਿਤ ਦਫ਼ਤਰ ਗੰਨਾ ਕਮਿਸ਼ਨਰ ਅਤੇ ਸਮੂਹ ਖੰਡ ਮਿੱਲਾਂ ਦੁਆਰਾ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਜਿਸ ਤਹਿਤ ਸਹਿਕਾਰੀ ਖੰਡ ਮਿੱਲ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਉਂਦੇ ਪਿੰਡ ਰਾਏਪੁਰ ਡੱਬਾ ਦੀ ਸਹਿਕਾਰੀ ਸਭਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ | ਇਸ ਮੌਕੇ ਇਕੱਤਰ ਕਿਸਾਨ ਭਰਾਵਾਂ ਨੂੰ ਸੰਬੋਧਨ ਕਰਦਿਆਂ ਡਾ. ਅਸ਼ਵਿੰਦਰ ਕੁਮਾਰ ਗੁਰੂ ਸਹਾਇਕ ਗੰਨਾ ਵਿਕਾਸ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਗੰਨੇ ਦੀ ਫ਼ਸਲ ਲੰਮੇ ਸਮੇਂ ਦੀ ਫ਼ਸਲ ਹੋਣ ਕਾਰਨ, ਆਮ ਫ਼ਸਲਾਂ ਜਿਵੇਂ ਕਣਕ ਝੋਨੇ, ਮੱਕੀ ਆਦਿ ਨਾਲੋਂ ਇਸ ਫ਼ਸਲ ਨੂੰ ਜ਼ਿਆਦਾ ਮਾਤਰਾ ਵਿਚ ਖੁਰਾਕੀ ਤੱਤਾਂ ਦੀ ਜ਼ਰੂਰਤ ਪੈਂਦੀ ਹੈ, ਪ੍ਰੰਤੂ ਗੰਨਾ ਕਾਸ਼ਤਕਾਰਾਂ ਵਲੋਂ ਸਿਫਾਰਸ਼ਾਂ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ | ਉਨ੍ਹਾਂ ਦੱਸਿਆ ਕਿ ਧਿਆਨ ਵਿਚ ਆਇਆ ਹੈ ਕਿ ਗੰਨਾ ਕਾਸ਼ਤਕਾਰਾਂ ਵਲੋਂ ਗੰਨੇ ਦੀ ਫ਼ਸਲ ਨੂੰ ਸਿਫਾਰਸ਼ਾਂ ਤੋਂ ਵੱਧ ਖਾਦਾਂ ਖਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ | ਕਈ ਵਾਰ ਤਾਂ ਇਹ ਵੀ ਦੇਖਿਆ ਗਿਆ ਹੈ ਕਿ ਸਤੰਬਰ ਮਹੀਨੇ ਦੌਰਾਨ, ਜਦੋਂ ਪੂਰੇ ਗੰਨੇ ਬਣ ਚੁੱਕੇ ਹੁੰਦੇ ਹਨ ਤਾਂ ਵੀ ਗੰਨਾ ਕਾਸ਼ਤਕਾਰਾਂ ਵਲੋਂ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਪੋਗੇ ਗੰਨੇ ਅਤੇ ਮੁੱਢ ਤੋਂ ਹੋਰ ਫੋਟ ਫੁੱਟਦੀ ਹੈ ਜੋ ਗੰਨਿਆਂ ਵਿਚ ਤਬਦੀਲ ਨਹੀਂ ਹੁੰਦੇ ਅਤੇ ਪਹਿਲਾਂ ਬਣੇ ਗੰਨਿਆਂ ਦਾ ਭਾਰ ਘਟਾਉਣ ਵਿਚ ਸਹਾਈ ਹੁੰਦੇ ਹਨ | ਡਾ. ਅਸ਼ਵਿੰਦਰ ਕੁਮਾਰ ਗੁਰੂ ਨੇ ਕਿਸਾਨ ਭਰਾਵਾਂ ਨੂੰ ਦੱਸਿਆ ਕਿ ਵੱਧ ਯੂਰੀਆ ਖਾਦ ਦੀ ਵਰਤੋਂ ਕਰਨ ਨਾਲ ਗੰਨੇ ਦੀ ਫਸਲ ਵਧੇਰੇ ਡਿੱਗਦੀ ਹੈ ਤੇ ਕੀੜੇ ਮਕੌੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ ਅਤੇ ਖੰਡ ਦੀ ਰਿਕਵਰੀ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਇਸ ਲਈ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਡਾ. ਗੁਰੂ ਨੇ ਕਿਹਾ ਕਿ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਤਕਰੀਬਨ ਖਤਮ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਤਝੜ ਰੁੱਤੇ ਬਿਜਾਈ ਕੀਤੇ ਗੰਨੇ ਦੀ ਫ਼ਸਲ ਨੂੰ 195 ਕਿਲੋ ਯੂਰੀਆ ਖਾਦ ਤਿੰਨ ਬਰਾਬਰ ਕਿਸ਼ਤਾਂ ਵਿਚ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ | ਉਨ੍ਹਾਂ ਦਸਿਆ ਕਿ ਸਿਫਾਰਸ਼ਾਂ ਮੁਤਾਬਕ ਬਹਾਰ ਰੁੱਤ ਦੇ ਗੰਨੇ ਦੀ ਬੀਜੜ ਫ਼ਸਲ ਦੇ ਉੱਗਣ ਉਪਰੰਤ ਪਹਿਲੇ ਪਾਣੀ ਤੋਂ ਪਹਿਲਾ ਪਹਿਲੀ ਕਿਸ਼ਤ 65 ਕਿਲੋ ਯੂਰੀਆ ਫ਼ਸਲ ਦੀਆਂ ਲਾਈਨਾਂ ਦੇ ਨਾਲ-ਨਾਲ ਪਾਉਣੀ ਚਾਹੀਦੀ ਹੈ ਅਤੇ ਬਾਕੀ ਦੀ 65 ਕਿਲੋ ਯੂਰੀਆ ਮਈ - ਜੂਨ ਵਿਚ ਪਾ ਦੇਣੀ ਚਾਹੀਦੀ ਹੈ | ਇਸ ਮੌਕੇ ਡਾ. ਮੋਨਿਕਾ ਖੇਤੀਬਾੜੀ ਵਿਕਾਸ ਅਫਸਰ ਔੜ, ਦੀਪਕ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਰਾਏਪੁਰ ਡੱਬਾ, ਲਖਵਿੰਦਰ ਸਿੰਘ ਏ.ਟੀ.ਐਮ ਔੜ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਬਿਕਰਮਜੀਤ ਸਿੰਘ ਸ਼ੇਰਗਿੱਲ ਪ੍ਰਧਾਨ, ਸਤਨਾਮ ਸਿੰਘ ਸਕੱਤਰ ਸਹਿਕਾਰੀ ਸਭਾ, ਕਨੋਜ ਕੁਮਾਰ ਸੈਲਜਮੈਨ, ਗੁਦਾਵਾਰ ਸਿੰਘ, ਹਰਮਨਪ੍ਰੀਤ ਸਿੰਘ, ਰਸ਼ਪਾਲ ਸਿੰਘ, ਕੌਸ਼ਲਿਆ ਸਰਪੰਚ, ਹਰਪ੍ਰੀਤ ਹੈਰੀ, ਕਿਰਪਾਲ ਸਿੰਘ ਆਦਿ ਹਾਜ਼ਰ ਸਨ |