28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਆਦਿਧਰਮ ਮੰਡਲ ਦਾ 100 ਸਾਲਾ ਸਥਾਪਨਾ ਦਿਵਸ 11-12 ਜੂਨ ਨੂੰ ਮਨਾਇਆ ਜਾਵੇਗਾ- ਸੰਤ ਸੁਰਿੰਦਰ ਦਾਸ

Ad Position 21
No active advertisement
ਅਜੀਤ ਡੈਸਕ 27-04-2026
ਨਵਾਂਸ਼ਹਿਰ, 26 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਆਦਿ ਧਰਮ ਮੰਡਲ ਦੇ 100 ਸਾਲਾ ਸਥਾਪਨਾ ਦਿਵਸ ਦੇ ਮਾਮਲੇ ਨੂੰ ਲੈ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨਛੋਹ ਪ੍ਰਾਪਤ ਧਰਤੀ ਚਰਨਛੋਹ ਗੰਗਾ ਅੰਮਿ੍ਤ ਕੁੰਡ ਖ਼ੁਰਾਲਗੜ੍ਹ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਜਰ ਰਾਮ ਮਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ 'ਤੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਆਖਿਆ ਕਿ ਬਾਬੂ ਮੰਗੂ ਰਾਮ ਮੁੱਗੋਵਾਲ ਦੀ ਸਮਾਜ ਪ੍ਰਤੀ ਕੀਤੀ ਗਈ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਜਦੋਂ ਬਾਬੂ ਮੰਗੂ ਰਾਮ ਮੁੱਗੋਵਾਲ ਅਮਰੀਕਾ ਤੋਂ ਵਾਪਿਸ ਪੰਜਾਬ 'ਚ ਆਪਣੇ ਪਿੰਡ ਮੁੱਗੋਵਾਲ ਆਏ ਤਾਂ ਦੇਸ਼ ਭਰ 'ਚ ਅਛੂਤਾਂ ਦੇ ਹਾਲਾਤ ਵੇਖਦੇ ਆਏ | ਉਸ ਸਮੇਂ ਸਾਡੇ ਸਮਾਜ ਨੂੰ ਜ਼ਮੀਨ ਖ੍ਰੀਦਣ ਤੱਕ ਦਾ ਅਧਿਕਾਰ ਨਹੀਂ ਸੀ, ਜਦਕਿ ਸਿਰਫ਼ ਅਹੀਰ, ਅਰਾਈ, ਅਵਾਣ, ਗੁੱਜਰ, ਜੱਟ, ਕੰਬੋਜ਼, ਮੀਂਏ, ਪਠਾਣ, ਕਨੈਤ, ਰਾਜਪੂਤ, ਰਾਠੀ ਅਤੇ ਸੈਣੀ ਕੁੱਲ 12 ਜਾਤਾਂ ਨੂੰ ਹੀ ਜ਼ਮੀਨ ਆਪਣੇ ਨਾਂਅ ਲਗਵਾਉਣ ਦਾ ਅਧਿਕਾਰ ਸੀ, ਬਾਕੀ ਕੌਮਾਂ ਗੈਰ ਮਰੂਸੀ ਸਨ ਜਦਕਿ ਸਾਡੇ ਲੋਕ ਰਜਤਨਾਮਿਆਂ ਵਿੱਚ ਹੀ ਰਹਿੰਦੇ ਸਨ | ਇਹ ਜਾਣਕਾਰੀ ਉਨ੍ਹਾਂ ਨੂੰ ਹੁਸ਼ਿਆਰਪੁਰ ਜਾਕੇ ਇਕ ਵਕੀਲ ਸਾਹਿਬਾਨ ਪਾਸੋਂ ਮਿਲੀ ਜਿਸ ਨੇ ਬਾਬੂ ਜੀ ਨੂੰ ਆਖਿਆ ਕਿ ਤੁਸੀਂ ਕੋਈ ਵੱਖਰੇ ਧਰਮ ਦਾ ਨਾਂਅ ਰੱਖਣ ਬਾਰੇ ਵਿਚਾਰ ਕਰੋ ਤਾਂ ਉਸ ਸਮੇਂ ਬਾਬੂ ਜੀ ਦੇ ਮੰਨ 'ਚ ਆਦਿ ਧਰਮ ਮੰਡਲ ਨਾਂਅ ਆਇਆ ਜਿਸ ਨੂੰ ਉਨ੍ਹਾਂ ਦੇ ਸਾਥੀਆਂ ਨੇ ਪ੍ਰਵਾਨਿਤ ਕੀਤਾ | ਇਸ ਉਪਰੰਤ ਉਨ੍ਹਾਂ ਨੇ ਗਦਰ ਲਹਿਰ ਦੇ ਮੁਖੀ ਨੂੰ ਸਾਨਫ਼ਰਾਂਸਿਸਕੋ ਵਾਸਤੇ ਚਿੱਠੀ ਲਿਖੀ ਜਿਸ ਦੇ ਜਵਾਬ 'ਚ ਉਨ੍ਹਾਂ ਨੂੰ ਪ੍ਰਵਾਨਗੀ ਮਿਲ ਗਈ 11-12 ਜੂਨ 1926 ਈਸਵੀ ਨੂੰ ਆਦਿ ਧਰਮ ਮੰਡਲ ਦੀ ਸਥਾਪਨਾ ਮਹਿਜ਼ ਛੋਟਾ ਕੰਮ ਨਹੀਂ ਸੀ | ਬਾਬੂ ਮੰਗੂ ਰਾਮ ਮੁੱਗੋਵਾਲੀਆ ਦਾ ਗਦਰ ਪਾਰਟੀ ਲਈ ਕੀਤਾ 16 ਸਾਲ ਦਾ ਸੰਘਰਸ਼ ਅਤੇ ਆਪਣੇ ਸਾਥੀਆਂ ਦੀ ਤੀਖਣ ਬੁੱਧੀ ਨਾਲ ਕੀਤਾ ਗਿਆ ਸੁੱਘੜ ਉਪਰਾਲਾ ਬੋਲਦਾ ਸੀ | ਆਦਿ ਧਰਮ ਲਹਿਰ ਦੇ ਮੋਹਰੀ ਸਫ਼ਾਂ ਦੇ ਆਗੂ ਬਹੁਤ ਗੂੜ੍ਹ ਗਿਆਨੀ ਸਨ, ਉਨ੍ਹਾਂ ਦੀ ਇਤਿਹਾਸ, ਮਿਥਿਹਾਸ, ਸਮਾਜ, ਵਿਗਿਆਨ ਅਤੇ ਤਰਕ ਉੱਤੇ ਪੀਡੀ ਪਕੜ ਸੀ | ਆਦਿ ਧਰਮ ਮੰਡਲ ਵਲੋਂ ਪਾਸ ਕੀਤੇ ਗਏ 25 ਨੁਕਤੇ ਇਸੇ ਭਾਵਨਾ ਦੀ ਇਕ ਮਿਸਾਲ ਸਨ | ਸਦੀਆਂ ਤੋਂ ਲਤਾੜੇ ਸਮਾਜ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਕਰਨ ਦਾ ਯਤਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਉਸ ਮਹਾਨ ਰਹਿਬਰ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਅੱਜ 100 ਸਾਲਾ ਸਥਾਪਨਾ ਦਿਵਸ ਦੇ ਰੂਪ 'ਚ ਸਾਹਮਣੇ ਆਇਆ ਹੈ ਇਹ ਅਗਲਾ ਸਮਾਂ ਸਾਡੀ ਨਹੀਂ ਸਗੋਂ ਆਉਂਣ ਵਾਲੀਆਂ ਪੀੜੀਆਂ ਦੇ ਹਿੱਸੇ ਆਵੇਗਾ | ਮੀਟਿੰਗ ਦੇ ਸ਼ੁਰੂਆਤ 'ਚ ਆਦਿ ਧਰਮ ਲਹਿਰ ਦੇ ਬਾਬਾ ਬੋਹੜ ਕਲਾਸ ਵੰਨ ਅਫ਼ਸਰ ਸੇਵਾ ਮੁਕਤ ਬਾਬਾ ਰਾਮ ਰਤਨ ਨਿਗਾਹ ਦੀ ਬੇਵਕਤੀ ਮੌਤ 'ਤੇ ਸਾਰੇ ਮੈਂਬਰਾਂ ਵਲੋਂ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ, ਇਸ ਉਪਰੰਤ ਕਮੇਟੀ ਦੇ ਚੇਅਰਮੈਨ ਨਾਜਰ ਰਾਮ ਮਾਨ ਵਲੋਂ 11-12 ਜੂਨ ਨੂੰ ਕੀਤੇ ਜਾਣ ਵਾਲੇ ਸਮਾਗਮਾਂ ਸਬੰਧੀ ਵਿਚਾਰ ਪੇਸ਼ ਕੀਤੇ ਗਏ | ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ | ਇਸ ਮੌਕੇ 'ਤੇ ਚੇਅਰਮੈਨ ਨਾਜਰ ਰਾਮ ਮਾਨ, ਪ੍ਰਧਾਨ ਸੰਤ ਸੁਰਿੰਦਰ ਦਾਸ, ਮਨਜੀਤ ਮੁੱਗੋਵਾਲ, ਹਰਬੰਸ ਸਿੰਘ ਸੇਵਾ ਮੁਕਤ ਇੰਸਪੈਕਟਰ, ਗਿਰਧਾਰੀ ਲਾਲ ਮੁੱਖ ਗ੍ਰੰਥੀ, ਕਰਮ ਚੰਦ ਮੁੱਖ ਕੈਸ਼ੀਅਰ, ਗੁਰਬਖਸ਼ ਸਿੰਘ ਮਹੇ ਪ੍ਰੈੱਸ ਸਕੱਤਰ, ਜਗਦੀਸ਼ ਕੁਮਾਰ, ਸੋਮ ਨਾਥ ਰੁੜਕੀ, ਪੀ.ਐਲ.ਸੂਦ, ਦਿਆਲ ਚੰਦ ਬੰਗਾ, ਮੇਜਰ ਸਿੰਘ ਘਟਾਰੋਂ ਸਮੇਤ ਕੁੱਝ ਹੋਰ ਆਗੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਕਾਲਜ 'ਚ ਉੱਦਮੀ ਦਿਵਸ ਮਨਾਇਆ ਅਗਲੀ ਖ਼ਬਰ ਸਤਿਗੁਰੂ ਬ੍ਰਹਮਲੀਨ ਸਵਾਮੀ ਬ੍ਰਹਮਾ ਨੰਦ ਗਊਆਂ ਵਾਲਿਆਂ ਦੀ 24ਵੀਂ ਬਰਸੀ 'ਤੇ ਵਿਸ਼ੇਸ਼
Ad Position 24