ਬਲਾਚੌਰ, 2 ਮਈ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਐਡਵੋਕੇਟ ਪ੍ਰਵੇਸ਼ ਖੋਸਲਾ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮੁੱਖ ਚੌਕ ਬਲਾਚੌਰ ਵਿਖੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ | ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਆਖਿਆ ਕਿ ਕਾਂਗਰਸੀ ਆਗੂ ਰੰਧਾਵਾ ਵਲੋਂ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਖ਼ਿਲਾਫ਼ ਮੰਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ, ਉਸ ਕਾਰਨ ਅਕਾਲੀ ਦਲ ਵਾਰਿਸ ਪੰਜਾਬ ਦੇ ਹਰ ਆਗੂ ਵਰਕਰ ਤੇ ਸਮਰਥਕਾਂ ਵਿਚ ਰੋਸ ਦੀ ਲਹਿਰ ਦਿਨ-ਬ-ਦਿਨ ਵਧਦੀ ਜਾ ਰਹੀ ਹੈ | ਐਡਵੋਕੇਟ ਖੋਸਲਾ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਮੈਂਬਰ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਮਜ਼ਬੂਤ ਤੇ ਵੱਧ ਰਹੇ ਸਿਆਸੀ ਆਧਾਰ ਕਾਰਨ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਮੈਂਬਰਾਂ 'ਚ ਬੌਖਲਾਹਟ ਦੇਖਣ ਨੂੰ ਮਿਲ ਰਹੀ | ਉਨ੍ਹਾਂ ਕਿਹਾ ਕਿ ਪੰਜਾਬ ਹੀ ਨਹੀਂ ਦੇਸ਼-ਵਿਦੇਸ਼ ਵਿਚ ਭਾਈ ਸਾਹਿਬ ਦੀ ਵੱਧ ਰਹੀ ਲੋਕਪਿ੍ਅਤਾ ਤੇ ਵਾਰਿਸ ਪੰਜਾਬ ਜਥੇਬੰਦੀ ਦੇ ਮਜ਼ਬੂਤ ਹੋ ਰਹੇ ਆਧਾਰ ਕਾਰਨ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਖ਼ੈਮੇ ਵਿਚ ਘਬਰਾਹਟ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ | ਜਿਸ ਕਾਰਨ ਉਕਤ ਪਾਰਟੀਆਂ ਦੇ ਆਗੂ ਭਾਈ ਅੰਮਿ੍ਤਪਾਲ ਸਿੰਘ ਤੇ ਉਨ੍ਹਾਂ ਦੀ ਜਥੇਬੰਦੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰੱਚ ਰਹੇ ਹਨ | ਇਸ ਮੌਕੇ ਬਲਦੇਵ ਰਾਜ ਸਿੰਘ ਖੋਸਲਾ, ਗੁਰਮੁਖ ਸਿੰਘ ਰਾਮਗੜ੍ਹੀਆ, ਕਿਸਾਨ ਆਗੂ ਗੁਰਮੁਖ ਸਿੰਘ ਮਹਿਮੂਦਪੁਰ, ਨਰਾਇਣ ਚੰਦ ਸੂਬੇਦਾਰ, ਮਦਨ ਲਾਲ ਸੂਬੇਦਾਰ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਸਿਆਣਾ, ਲਖਵੀਰ ਸਿੰਘ ਆਦਿ ਹਾਜ਼ਰ ਸਨ |