ਨਵਾਂਸ਼ਹਿਰ, 15 ਮਈ (ਦੀਦਾਰ ਸਿੰਘ ਸ਼ੇਤਰਾ)-ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਨੂੰ ਡੇਂਗੂ ਮੁਕਤ ਬਣਾਉਣ ਲਈ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਸਿਵਲ ਸਰਜਨ ਦਫ਼ਤਰ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ | ਇਸ ਮੌਕੇ ਸਿਵਲ ਸਰਜਨ ਨੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ | ਇਸ ਸਾਲ ਰਾਸ਼ਟਰੀ ਡੇਂਗੂ ਦਿਵਸ ਦਾ ਥੀਮ 'ਚੈਕ, ਕਲੀਨ ਤੇ ਕਵਰ' ਰੱਖਿਆ ਗਿਆ ਹੈ | ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਨਰਸਿੰਗ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡੇਂਗੂ ਇਕ ਖ਼ਤਰਨਾਕ ਪਰ ਪੂਰੀ ਤਰ੍ਹਾਂ ਰੋਕੀ ਜਾ ਸਕਣ ਵਾਲੀ ਬਿਮਾਰੀ ਹੈ | ਲੋਕਾਂ ਦੀ ਸਾਵਧਾਨੀ ਹੀ ਇਸ 'ਤੇ ਸਭ ਤੋਂ ਵੱਡਾ ਹਥਿਆਰ ਹੈ | ਉਨ੍ਹਾਂ ਕਿਹਾ ਕਿ ਕੂਲਰਾਂ, ਫਰਿੱਜ ਦੀਆਂ ਟ੍ਰੇਆਂ, ਗਮਲਿਆਂ, ਪੁਰਾਣੇ ਟਾਇਰਾਂ ਅਤੇ ਹੋਰ ਬਰਤਨਾਂ ਦੀ ਹਫ਼ਤੇ ਵਿਚ ਇਕ ਵਾਰ ਲਾਜ਼ਮੀ ਸਫ਼ਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਤੇਜ਼ ਬੁਖਾਰ, ਸਰੀਰ ਦਰਦ, ਅੱਖਾਂ ਦੇ ਪਿੱਛੇ ਦਰਦ, ਉਲਟੀਆਂ ਜਾਂ ਪਲੇਟਲੈਟ ਘਟਣ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ ਜਾਗਰੂਕਤਾ ਗਤੀਵਿਧੀਆਂ, ਘਰ-ਘਰ ਸਰਵੇ ਅਤੇ ਲਾਰਵਾ ਚੈਕਿੰਗ ਮੁਹਿੰਮ ਨਿਰੰਤਰ ਚਲਾਈ ਜਾ ਰਹੀ ਹੈ | ਉਨ੍ਹਾਂ ਹਰ ਸ਼ੁੱਕਰਵਾਰ-ਡੇਂਗੂ 'ਤੇ ਵਾਰ ਮੁਹਿੰਮ ਤਹਿਤ ਡੇਂਗੂ ਰੋਕਥਾਮ ਲਈ ਘਰ-ਘਰ ਸਰਵੇ ਕਰਕੇ ਲਾਰਵਾ ਨਸ਼ਟ ਕਰਨ ਵਾਸਤੇ ਨਰਸਿੰਗ ਵਿਦਿਆਰਥੀਆਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ, ਸਹਾਇਕ ਸਿਵਲ ਸਰਜਨ ਡਾ ਬਲਜੀਤ ਕਮਲ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ |