ਬਹਿਰਾਮ, 15 ਮਈ (ਨਛੱਤਰ ਸਿੰਘ ਬਹਿਰਾਮ)-ਬੀਤੀ ਰਾਤ ਪਿੰਡ ਚੱਕਗੁਰੂ ਵਿਖੇ ਇਕ ਖੂਹ ਤੋਂ ਮੱਝ ਚੋਰੀ ਹੋਣ ਦਾ ਸਮਾਚਾਰ ਮਿਲਿਆ | ਚੋਰੀ ਸੰਬੰਧੀ ਝਲਮਣ ਸਿੰਘ ਪੁੱਤਰ ਮੋਹਣ ਸਿੰਘ ਨੇ ਦੱਸਿਆ ਕਿ ਮੈਂ ਪਿੰਡੋਂ ਬਾਹਰ ਆਪਣੇ ਖੂਹ 'ਤੇ ਸੁੱਤਾ ਪਿਆ ਸੀ ਜਿਥੇ ਹੋਰ ਸਾਮਾਨ ਤੋਂ ਇਲਾਵਾ ਮੇਰੇ ਪਸ਼ੂ ਵੀ ਹਨ | ਸਮਾਂ ਤਕਰੀਬਨ 2 ਵਜੇ ਮੇਰੇ ਖੂਹ 'ਤੇ ਚਾਰ ਵਿਅਕਤੀ ਮੂੰਹ ਬੰਨ੍ਹੇ ਆਏ ਤੇ ਆਉਂਦਿਆਂ ਨੇ ਆ ਕੇ ਮੇਰੇ ਡਾਂਗ ਮਾਰੀ ਤੇ ਮੈਨੂੰ ਮੇਰੀ ਹੀ ਪੱਗ ਨਾਲ ਬੰਨ੍ਹ ਦਿੱਤਾ ਤੇ ਕਿਹਾ ਕਿ ਰੋਲਾ ਨਾ ਪਾਈ | ਮੈਂ ਬਹੁਤ ਘਬਰਾ ਗਿਆ | ਚੋਰਾਂ ਨੇ ਮੇਰਾ ਫੋਨ ਚੁੱਕ ਕੇ ਨਾਲ ਦੇ ਕਮਰੇ ਵਿਚ ਰੱਖ ਦਿੱਤਾ, ਇਥੋਂ ਤੱਕ ਉਹ ਮੇਰੀ ਕੈਨੀ 'ਚ ਗਾਂਵਾਂ ਦਾ ਦੁੱਧ ਵੀ ਚੋਅ ਕੇ ਲੈ ਗਏ | ਜਾਂਦੇ ਹੋਏ ਉਨ੍ਹਾਂ ਮੈਨੂੰ ਖੋਲ੍ਹ ਦਿੱਤਾ ਤੇ ਬਾਹਰੋਂ ਕੁੰਡਾ ਲਗਾ ਗਏ | ਸਵੇਰੇ ਮੇਰਾ ਭਰਾ ਕੁਲਵਿੰਦਰ ਸਿੰਘ ਖੂਹ 'ਤੇ ਆਇਆ ਤਾਂ ਉਸ ਨੇ ਕੁੰਡਾ ਖੋਲਿ੍ਹਆ ਤਾਂ ਪਤਾ ਲੱਗਾ ਕਿ ਮੇਰੀ ਮੱਝ ਚੋਰੀ ਹੋ ਚੁੱਕੀ ਹੈ | ਇਸ ਸੰਬੰਧੀ ਪੁਲਿਸ ਥਾਣਾ ਬਹਿਰਾਮ ਨੂੰ ਸੂਚਨਾ ਦੇ ਦਿੱਤੀ ਹੈ | ਇਸ ਮੌਕੇ ਸਰਪੰਚ ਕਿਸ਼ੋਰੀ ਲਾਲ, ਝਲਮਣ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ |