ਬੰਗਾ, 28 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਇਨਸਾਫ਼ ਦੀ ਅਵਾਜ਼ ਜਥੇਬੰਦੀ ਦੀ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਟੇਟ ਵਿੱਤ ਸਕੱਤਰ ਤੇ ਦੋਆਬਾ ਜ਼ੋਨ ਦੇ ਇੰਚਾਰਜ ਸ. ਗੁਰਦੀਪ ਸਿੰਘ ਝਿੱਕਾ ਦੀ ਪ੍ਰਧਾਨਗੀ ਹੇਠ ਬੰਗਾ ਵਿਖੇ ਹੋਈ | ਇਸ ਸੰਬੰਧੀ ਜਥੇਬੰਦੀ ਦੇ ਅਹੁਦੇਦਾਰ ਅਮਰੀਕ ਸਿੰਘ ਪਠਲਾਵਾ, ਡਾ. ਕੁਲਦੀਪ ਰਾਜ ਬੰਗਾ, ਮਲਕੀਤ ਸਿੰਘ ਖਮਾਚੋਂ, ਜਸਵੀਰ ਸਿੰਘ ਝਿੱਕਾ ਤੇ ਰਣਜੀਤ ਸਿੰਘ ਨਵਾਂਸ਼ਹਿਰ ਨੇ ਦੱਸਿਆ ਕਿ ਜਥੇਬੰਦੀ ਦੇ ਕੌਮੀ ਪ੍ਰਧਾਨ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਸਾਹਿਬ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਥੇਬੰਦੀ ਦੇ ਢਾਂਚੇ ਦਾ ਵਿਸਥਾਰ ਕਰਦਿਆਂ ਬਲਾਕ ਪੱਧਰ ਦੇ ਪ੍ਰਧਾਨ ਅਤੇ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ | ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਝਿੱਕਾ ਨੇ ਅੱਗੇ ਦੱਸਿਆ ਕਿ ਜਸਟਿਸ ਆਰ. ਐਮ. ਲੋਢਾ ਦੀ ਅਗਵਾਈ ਹੇਠ ਬਣੀ ਲੋਢਾ ਕਮੇਟੀ ਤੇ ਸਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਵਲੋਂ ਦਸ ਸਾਲ ਬੀਤ ਜਾਣ ਬਾਅਦ ਵੀ ਪੈਸਿਆਂ ਦੇ ਭੁਗਤਾਨ ਵਿਚ ਤਰ੍ਹਾਂ-ਤਰ੍ਹਾਂ ਦੀਆਂ ਦਿੱਕਤਾਂ ਪੈਦਾ ਕਰਕੇ ਨਿਵੇਸ਼ਕਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ | ਸ. ਝਿੱਕਾ ਨੇ ਆਖਿਆ ਕਿ ਭਾਵੇਂ ਲੋਢਾ ਕਮੇਟੀ ਵਲੋਂ ਬੈਂਕ ਅਕਾਊਾਟ ਦੇ ਗਲਤ ਵੇਰਵਿਆਂ ਨੂੰ ਦਰੁਸਤ ਕਰਨ ਲਈ ਪੋਰਟਲ ਖੋਲਿ੍ਹਆ ਹੋਇਆ ਹੈ ਪਰ ਨਿਵੇਸ਼ਕਾਂ ਦੇ ਸਟੇਟਸ ਵਿਚ ਜ਼ਮੀਨ ਅਲੌਟਿਡ ਵਰਗੀਆਂ ਬੇਤੁਕੀਆਂ ਸ਼ਰਤਾਂ ਲਗਾ ਕੇ ਭੁਗਤਾਨ ਨੂੰ ਰੋਕਣਾ ਨਿਵੇਸ਼ਕਾਂ ਨਾਲ ਸਰਾਸਰ ਮਜ਼ਾਕ ਹੈ | ਜਥੇਬੰਦੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕਰਦਿਆਂ ਆਖਿਆ ਕਿ ਇਸ ਮਸਲੇ ਨੂੰ ਜਲਦੀ ਹੱਲ ਕਰਕੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਦਿਵਾਈ ਜਾਵੇ | ਝਿੱਕਾ ਨੇ ਕਿਹਾ ਕਿ ਲੋਕ ਆਪਣਾ ਹੱਕ ਮੰਗ ਰਹੇ ਹਨ ਕੋਈ ਭੀਖ ਨਹੀਂ ਹੈ | ਇਸ ਗੱਲ 'ਤੇ ਵੀ ਜੋਰ ਦਿੱਤਾ ਗਿਆ ਕਿ ਹਰ ਨਿਵੇਸ਼ਕ ਦੀ ਪਾਈ-ਪਾਈ ਵਿਆਜ ਸਮੇਤ ਵਾਪਸ ਕੀਤੀ ਜਾਵੇ | ਜੇਕਰ ਇਸ ਪਾਸੇ ਵੱਲ ਸਰਕਾਰ ਨੇ ਫੌਰੀ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਕ ਵੱਡਾ ਸੰਘਰਸ ਕਰਨ ਦੀ ਵਿਉਂਤਵੰਦੀ ਕਰ ਰਹੀ ਹੈ | ਇਸ ਮੌਕੇ ਅਮਰਜੀਤ ਸਿੰਘ ਸੂਰਾਪੁਰ, ਹਰਭਜਨ ਸਿੰਘ ਸੂਰਾਪੁਰ, ਗੁਰਦੇਵ ਸਿੰਘ ਸੁੱਜੋਂ, ਮਾਸਟਰ ਰਮੇਸ਼ ਕੁਮਾਰ ਪਠਲਾਵਾ, ਮਲਕੀਤ ਸਿੰਘ ਲਧਾਣਾ ਉੱਚਾ, ਸਤੀਸ਼ ਕੁਮਾਰ ਐਮਾਂ ਜੱਟਾਂ, ਮਨੀ ਸਿੰਘ ਬੰਗਾ, ਰੁਪਿੰਦਰ ਸਿੰਘ ਹੇੜੀਆਂ, ਬਲਵੀਰ ਸਿੰਘ ਮੰਢਾਲੀ, ਮੈਡਮ ਮਨਜੀਤ ਕੌਰ ਅਲਾਚੌਰ, ਮੈਡਮ ਜਸਵੀਰ ਕੌਰ ਸੂਰਾਪੁਰ, ਮਾ: ਤਰਲੋਚਨ ਸਿੰਘ ਪਠਲਾਵਾ, ਲੈਕਚਰਾਰ ਤਰਸੇਮ ਪਠਲਾਵਾ ਆਦਿ ਹਾਜ਼ਰ |
ਪਰਲ ਨਿਵੇਸ਼ਕਾਂ ਦੇ ਪੈਸੇ ਦੀ ਵਾਪਸੀ ਲਈ ਇਨਸਾਫ਼ ਦੀ ਅਵਾਜ਼ ਜਥੇਬੰਦੀ ਨੂੰ ਹੋਰ ਵੀ ਮਜ਼ਬੂਤ ਬਣਾਵਾਂਗੇ-ਝਿੱਕਾ
ਅਜੀਤ ਡੈਸਕ
29-05-2026