21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ, ਲੁਟੇਰਿਆਂ ਤੇ ਨਸ਼ਾ ਤਸਕਰਾਂ ਦਾ ਕਾਰੋਬਾਰ ਕੌੜੀ ਵੇਲ ਵਾਂਗ ਵਧਣ ਲੱਗਾ ਲੁਟੇਰਿਆਂ ਦਾ ਪਤਾ ਲੱਗਣ ਦੇ ਬਾਵਜੂਦ ਵੀ ਨਹੀਂ ਹੋ ਰਹੀ ਕੋਈ ਕਾਰਵਾਈ

Ad Position 21
No active advertisement
ਅਜੀਤ ਡੈਸਕ 29-05-2026
ਸਮੁੰਦੜਾ, 28 ਮਈ (ਤੀਰਥ ਸਿੰਘ ਰੱਕੜ)-ਕਸਬਾ ਸਮੁੰਦੜਾ ਅਤੇ ਨਾਲ ਲੱਗਦੇ ਪਿੰਡਾਂ ਵਿਚ ਲੁੱਟ-ਖੋਹ, ਚੋਰੀਆਂ ਤੇ ਬਿਨਾਂ ਕਿਸੇ ਖੌਫ ਦੇ ਚੱਲ ਰਿਹਾ ਨਸ਼ਾ ਤਸਕਰੀ ਦਾ ਗੋਰਖਧੰਦਾ ਪੂਰੇ ਸਿਖਰਾਂ 'ਤੇ ਹੈ | ਇਲਾਕੇ ਅੰਦਰ ਵੱਖ-ਵੱਖ ਪਿੰਡਾਂ ਦੀਆਂ ਸੰਪਰਕ ਸੜਕਾਂ 'ਤੇ ਦਿਨ ਦਿਹਾੜੇ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਹੀ ਹੋਣ ਲੱਗ ਪਈਆਂ ਹਨ ਅਤੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਆਪਣਾ ਸਿਰ ਮੂੰਹ ਢੱਕ ਕੇ ਬਿਨਾਂ ਨੰਬਰ ਪਲੇਟਾਂ ਵਾਲੇ ਮੋਟਰਸਾਈਕਲਾਂ 'ਤੇ ਘੁੰਮਦੇ ਆਮ ਵੇਖੇ ਜਾ ਸਕਦੇ ਹਨ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੁੱਟ-ਖੋਹ ਦਾ ਸ਼ਿਕਾਰ ਹੋਏ ਕੁਝ ਇਕ ਵਿਅਕਤੀਆਂ ਨੇ ਲੁਟੇਰਿਆਂ ਨੂੰ ਪਛਾਣ ਕੇ ਸਿੱਧੇ ਤੌਰ 'ਤੇ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਪਰ ਫੇਰ ਵੀ ਪੁਲਿਸ ਵਲੋਂ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ | ਇਸ ਸੰਬੰਧੀ ਪਿੰਡ ਔੜ ਦੇ ਵਸਨੀਕ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਹ ਪਿੰਡਾਂ 'ਚ ਮਨਿਆਰੀ ਦੀਆਂ ਦੁਕਾਨਾਂ 'ਤੇ ਪਿਛਲੇ ਕਰੀਬ 40 ਸਾਲਾਂ ਤੋਂ ਸਾਮਾਨ ਸਪਲਾਈ ਕਰ ਰਿਹਾ ਹੈ ਅਤੇ ਬੀਤੀ 30 ਅਪ੍ਰੈਲ ਨੂੰ ਪਿੰਡ ਅਲੀਪੁਰ ਤੋਂ ਮਹਿੰਦੀਪੁਰ ਨੂੰ ਜਾਂਦੀ ਸੰਪਰਕ ਸੜਕ 'ਤੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਦਾਤਰ ਦੀ ਨੋਕ 'ਤੇ ਉਸ ਤੋਂ 4500 ਦੇ ਕਰੀਬ ਨਕਦੀ ਤੇ ਮੋਬਾਈਲ ਫੋਨ ਖੋਹ ਕੇ ਪਿੰਡ ਅਲੀਪੁਰ ਵੱਲ੍ਹ ਨੂੰ ਫਰਾਰ ਹੋ ਗਏ | ਕੁਝ ਸਮੇਂ ਬਾਅਦ ਉਹ ਪਿੰਡ ਅਲੀਪੁਰ ਪਹੁੰਚਿਆ ਅਤੇ ਪਿੰਡ ਵਾਸੀਆਂ ਨੂੰ ਆਪਣੇ ਨਾਲ ਵਾਪਰੀ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਇੰਨੇ ਨੂੰ ਉਸ ਨੇ ਦੇਖਿਆ ਕਿ ਇਕ ਗਲੀ 'ਚੋਂ ਮੋਟਰਸਾਈਕਲ ਸਵਾਰ ਨੌਜਵਾਨ ਨਿਕਲ ਕੇ ਗਿਆ ਤਾਂ ਉਸ ਨੇ ਪਛਾਣ ਲਿਆ ਤੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਇਹੀ ਨੌਜਵਾਨ ਉਸ ਤੋਂ ਪੈਸੇ ਖੋਹ ਕੇ ਆਇਆ ਹੈ | ਇਸ ਸੰਬੰਧੀ ਪੁਲਿਸ ਚੌਕੀ ਸਮੁੰਦੜਾ ਵਿਖੇ ਸੂਚਨਾ ਦੇ ਦਿੱਤੀ ਗਈ ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਉਕਤ ਨੌਜਵਾਨਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਉਹ ਸ਼ਰੇਆਮ ਪਿੰਡ 'ਚ ਘੁੰਮਦੇ ਵੇਖੇ ਜਾ ਸਕਦੇ ਹਨ | ਇਸੇ ਤਰ੍ਹਾਂ ਹੀ ਬੀਤੀ 23 ਅਪ੍ਰੈਲ ਨੂੰ ਪਿੰਡ ਸਿੰਬਲੀ ਦੇ ਮਲਕੀਤ ਸਿੰਘ ਨਾਂਅ ਦੇ ਵਿਅਕਤੀ ਕੋਲੋਂ ਚੱਕ ਗੁਰੂ-ਸਿੰਬਲੀ ਸੰਪਰਕ ਸੜਕ 'ਤੇ ਦਿਨ ਦਿਹਾੜੇ 12:30 ਵਜੇ ਦੇ ਕਰੀਬ 6000 ਰੁ ਦੀ ਨਕਦੀ ਖੋਹ ਲਈ ਗਈ ਤੇ ਲੁਟੇਰਿਆਂ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈਆਂ ਅਤੇ ਇਸ ਸੰਬੰਧੀ ਵੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਸੀ. ਸੀ. ਟੀ. ਵੀ. ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਪਰ ਉਹ ਲੁਟੇਰੇ ਵੀ ਪੁਲਿਸ ਦੀ ਗਿ੍ਫਤ ਤੋਂ ਬਾਹਰ ਹਨ | ਇਸੇ ਤਰ੍ਹਾਂ ਹੀ ਸਮੁੰਦੜਾ ਵਿਖੇ ਅੱਡੇ 'ਚ ਪੈਂਦੀ ਇਕ ਮੋਬਾਈਲ ਫੋਨਾਂ ਦੀ ਦੁਕਾਨ 'ਤੇ ਕੁਝ ਮਹੀਨੇ ਪਹਿਲਾਂ ਚੋਰਾਂ ਵਲੋਂ ਚੋਰੀ ਕਰ ਲਈ ਗਈ ਸੀ ਅਤੇ ਚੋਰੀ ਦੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ | ਕੁਝ ਕੁ ਦਿਨਾਂ ਬਾਅਦ ਉਕਤ ਚੋਰ ਵਲੋਂ ਚੋਰੀ ਕੀਤੇ ਗਏ ਫੋਨਾਂ ਵਿਚੋਂ ਇਕ ਫੋਨ ਚਾਲੂ ਕਰ ਲਿਆ ਗਿਆ | ਜਿਸ ਦੀ ਲੋਕੇਸ਼ਨ ਟਰੇਸ ਕਰਦਿਆਂ ਸੰਬੰਧਿਤ ਦੁਕਾਨਦਾਰ ਚੋਰ ਤੱਕ ਪਹੁੰਚ ਗਿਆ ਅਤੇ ਉਸ ਦਾ ਨਾਂਅ, ਪਿੰਡ ਤੇ ਘਰ ਦਾ ਪਤਾ ਲਗਾ ਲਿਆ ਗਿਆ ਜਦੋਂ ਇਸ ਸੰਬੰਧੀ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਚੋਰ ਦੇ ਪਿੰਡ ਪਹੁੰਚਣ ਨੂੰ ਇਕ-ਦੋ ਦਿਨ ਲਗਾ ਦਿੱਤੇ ਇੰਨੇ ਨੂੰ ਉਹ ਆਪਣਾ ਪਿੰਡ ਛੱਡ ਕੇ ਕਿਧਰੇ ਰਫੂਚੱਕਰ ਹੋ ਗਿਆ | ਦੁਕਾਨਦਾਰ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਪੁਲਿਸ ਪਹੁੰਚ ਜਾਂਦੀ ਤਾਂ ਉਸ ਦਾ ਲੱਖਾਂ ਦਾ ਚੋਰੀ ਹੋਇਆ ਸਾਮਾਨ ਮਿਲ ਸਕਦਾ ਸੀ | ਇਸੇ ਤਰ੍ਹਾਂ ਹੀ ਪਿੰਡ ਚੱਕ ਗੁਰੂ ਵਿਖੇ ਵੀ ਬੀਤੀ 8 ਮਈ ਨੂੰ ਇਕ ਪ੍ਰਵਾਸੀ ਭਾਰਤੀ ਦੇ ਬੰਦ ਪਏ ਮਕਾਨ 'ਚੋਂ ਘਰ ਦਾ ਸਾਰਾ ਕੀਮਤੀ ਸਾਮਾਨ ਦਿਨ-ਦਿਹਾੜੇ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ ਅਜੇ ਤਾਈਾ ਉਨ੍ਹਾਂ ਚੋਰਾਂ ਦਾ ਵੀ ਕੋਈ ਸੁਰਾਗ ਨਹੀਂ ਮਿਲਿਆ | ਇਸੇ ਤਰ੍ਹਾਂ ਇਲਾਕੇ ਵਿਚ ਨਸ਼ਾ ਤਸਕਰੀ, ਨਾਜਾਇਜ਼ ਸ਼ਰਾਬ ਦੀ ਵਿਕਰੀ ਆਦਿ ਦਾ ਗੋਰਖਧੰਦਾ ਵੀ ਸ਼ਰੇਆਮ ਚੱਲ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਮਸਜਿਦ ਕਾਸਿਮ ਵਿਖੇ ਈਦ-ਉਲ-ਜੂਹਾ ਦੀ ਨਮਾਜ਼ ਕੀਤੀ ਅਦਾ ਅਗਲੀ ਖ਼ਬਰ ਪੈੱ੍ਰਸ ਕਲੱਬ ਨਵਾਂਸ਼ਹਿਰ ਵਲੋਂ ਬਾਰਾਂਦਰੀ ਗਾਰਡਨ 'ਚ ਲਗਾਏ ਬੂਟੇ
Ad Position 24