ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲੇ ਦਰਜ
ਅਜੀਤ ਡੈਸਕ
29-05-2026
ਨਵਾਂਸ਼ਹਿਰ, 28 ਮਈ (ਜਸਬੀਰ ਸਿੰਘ ਨੂਰਪੁਰ)-ਹੈੱਡ ਕਾਂਸਟੇਬਲ ਅਮਨਪ੍ਰੀਤ ਸਿੰਘ ਅਨੁਸਾਰ ਉਹ ਸਮੇਤ ਕਰਮਚਾਰੀਆਂ ਦੇ ਚੰਡੀਗੜ੍ਹ ਚੌਕ ਨਵਾਂਸ਼ਹਿਰ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਇਤਲਾਹ ਦਿੱਤੀ, ਕਿ ਦਵਿੰਦਰ ਪੁੱਤਰ ਰਾਕੇਸ਼ ਕੁਮਾਰ ਵਾਸੀ ਭੁੱਚਰਾਂ ਮੁਹੱਲਾ ਨਵਾਂਸ਼ਹਿਰ, ਥਾਣਾ ਸਿਟੀ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲੁਕ ਛਿਪ ਕੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਜੋ ਅੱਜ ਵੀ ਥੈਲਾ ਪਲਾਸਟਿਕ ਵਿਚ ਚੰਡੀਗੜ੍ਹ ਦੀ ਸ਼ਰਾਬ ਰੱਖ ਕੇ ਫੋਕਲ ਪੁਆਇੰਟ ਨਵਾਂਸ਼ਹਿਰ ਨੇੜੇ ਖੜ੍ਹਾ ਹੈ ਤੇ ਨਾ ਮਾਲੂਮ ਗਾਹਕਾਂ ਨੂੰ ਸ਼ਰਾਬ ਵੇਚ ਰਿਹਾ ਹੈ ਜੇਕਰ ਹੁਣੇ ਹੀ ਰੇਡ ਕਰਕੇ ਜਾਂਚ ਕੀਤੀ ਜਾਵੇ ਤਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ | ਪੁਲਿਸ ਪਾਰਟੀ ਨੇ 20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਥਿਤ ਦੋਸ਼ੀ ਨੂੰ ਕਾਬੂ ਕੀਤਾ |
ਦੋ ਗ੍ਰਾਮ ਹੈਰੋਇਨ ਬਰਾਮਦ
ਸਬ ਇੰਸਪੈਕਟਰ ਕੇਵਲ ਕਿ੍ਸ਼ਨ ਅਨੁਸਾਰ ਉਹ ਸਮੇਤ ਪੁਲਿਸ ਪਾਰਟੀ ਥਾਣਾ ਤੋਂ ਚੰਡੀਗੜ੍ਹ ਰੋਡ ਹੁੰਦੇ ਹੋਏ ਪਿੰਡ ਮਹਿੰਦੀਪੁਰ ਵੱਲ ਨੂੰ ਜਾ ਰਹੇ ਸੀ ਤਾਂ ਮੜ੍ਹੀਆ ਪਿੰਡ ਮਹਿੰਦੀਪੁਰ ਸਾਈਡ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਆਪਣੀ ਪਹਿਨੀ ਹੋਈ ਲੋਅਰ ਦੀ ਜੇਬ 'ਚੋਂ ਆਪਣੇ ਹੱਥ ਨਾਲ ਇਕ ਪਾਰਦਰਸ਼ੀ ਲਿਫਾਫੀ ਕੱਢ ਕੇ ਸੜਕ ਦੇ ਕਿਨਾਰੇ ਘਾਹ ਫੂਸ ਵਿਚ ਸੁੱਟ ਕੇ ਕਾਹਲੀ-ਕਾਹਲੀ ਪਿਛਾਂਹ ਨੂੰ ਮੁੜ ਪਿਆ | ਜਿਸ ਨੇ ਆਪਣਾ ਨਾਂਅ ਬਲਜਿੰਦਰ ਸਿੰਘ ਉਰਫ ਬਿਦਰੂ ਪੁੱਤਰ ਭਜਨ ਸਿੰਘ ਵਾਸੀ ਪਿੰਡ ਚੂਹੜਪੁਰ, ਥਾਣਾ ਸਿਟੀ ਨਵਾਂਸ਼ਹਿਰ ਦੱਸਿਆ | ਐਸ. ਆਈ. ਨੇ ਸਾਥੀ ਕਰਮਚਾਰੀਆਂ ਦੀ ਹਾਜ਼ਰੀ ਵਿਚ ਬਲਜਿੰਦਰ ਸਿੰਘ ਉਰਫ ਬਿਦਰੂ ਉਕਤ ਵਲੋਂ ਸੁੱਟੀ ਪਾਰਦਰਸ਼ੀ ਲਿਫਾਫੀ ਨੂੰ ਉਸ ਰਾਹੀਂ ਚੁਕਵਾ ਕੇ ਚੈੱਕ ਕੀਤਾ ਤਾਂ 2 ਗ੍ਰਾਮ ਹੈਰੋਇਨ ਬਰਾਮਦ ਹੋਈ |
ਸੜਕ ਹਾਦਸੇ 'ਚ ਜ਼ਖ਼ਮੀ
ਗੁਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਜੀਂਦੋਵਾਲ ਥਾਣਾ ਸਿਟੀ ਬੰਗਾ ਨੇ ਦੱਸਿਆ ਕਿ ਜੁਆਏਦੀਪ ਸਿੰਘ ਵਾਸੀ ਜੀਂਦੋਵਾਲ ਆਪਣੀ ਸਵਿਫਟ ਕਾਰ ਰੰਗ ਕਾਲਾ 'ਚ ਸਵਾਰ ਹੋ ਕੇ ਸ਼ਰਾਬ ਦੇ ਨਸ਼ੇ ਵਿਚ ਪਿੰਡ 'ਚ ਲਗਾਤਾਰ ਹਾਰਨ ਵਜਾ ਕੇ ਗੇੜੇ ਮਾਰ ਰਿਹਾ ਸੀ ਅਤੇ ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰ ਗੁਰਜੀਤ ਸਿੰਘ ਦੇ ਘਰ ਦੇ ਬਾਹਰ ਖੜੇ੍ਹ ਸਨ ਤਾਂ ਜਦੋਂ ਇਹ ਰੋਲਾ ਸੁੱਣ ਕੇ ਗੁਰਜੀਤ ਸਿੰਘ ਆਪਣੀ ਪਤਨੀ ਸਮੇਤ ਬਾਹਰ ਆਇਆ ਤਾਂ ਉਕਤ ਜੁਆਏਦੀਪ ਨੇ ਬੜੀ ਤੇਜ਼ ਰਫਤਾਰੀ ਤੇ ਲਾਪ੍ਰਵਾਹੀ ਨਾਲ ਗੱਡੀ ਲਿਆ ਕੇ ਗੁਰਜੀਤ ਸਿੰਘ ਵਿਚ ਮਾਰੀ ਨਾਲ ਉਸ ਦੇ ਸਿਰ ਵਿਚ ਅਤੇ ਸਰੀਰ 'ਤੇ ਸੱਟਾਂ ਲੱਗੀਆਂ ਅਤੇ ਸਿਵਲ ਹਸਪਤਾਲ ਬੰਗਾ ਤੋਂ ਇਲਾਜ ਲਈ ਲਿਵਾਸਾ ਹਸਪਤਾਲ ਨਵਾਂਸ਼ਹਿਰ ਦਾਖਲ ਕਰਵਾਇਆ ਪੁਲਿਸ ਨੇ ਜੁਆਏਦੀਪ ਸਿੰਘ 'ਤੇ ਮਾਮਲਾ ਦਰਜ ਕਰ ਲਿਆ |