ਬੰਗਾ, 11 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਰਾਸ਼ਟਰੀ ਸਿੱਖਿਆ ਨੀਤੀ 2020 ਦੇ ਉਦੇਸ਼ਾਂ ਨੂੰ ਸਾਕਾਰ ਕਰਨ ਅਤੇ ਵਿਦਿਆਰਥੀਆਂ ਨੂੰ ਹੁਨਰ-ਅਧਾਰਿਤ ਅਤੇ ਉਦਯੋਗ-ਕੇਂਦਰਿਤ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਸਿੱਖ ਨੈਸ਼ਨਲ ਕਾਲਜ ਬੰਗਾ ਤੇ ਟੈਗੋਰ ਏ ਐਂਡ ਕੰਪਨੀ ਵਿਚਕਾਰ ਹੋਏ ਸਮਝੌਤਾ (ਐਮ. ਓ. ਯੂ.) ਦਾ ਅਗਲੇ ਤਿੰਨ ਸਾਲਾਂ ਲਈ ਨਵੀਨੀਕਰਨ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਇਹ ਐਮ. ਓ. ਪਹਿਲੀ ਵਾਰ ਸਾਲ 2023 ਵਿਚ ਤਿੰਨ ਸਾਲਾਂ ਦੀ ਮਿਆਦ ਲਈ ਕੀਤਾ ਗਿਆ ਸੀ | ਪਿਛਲੇ ਤਿੰਨ ਸਾਲਾਂ ਦੌਰਾਨ ਇਸ ਸਹਿਯੋਗ ਦੇ ਬਹੁਤ ਹੀ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ | ਜਿਸ ਦੇ ਮੱਦੇਨਜ਼ਰ ਦੋਵਾਂ ਸੰਸਥਾਵਾਂ ਨੇ ਇਸ ਭਾਈਵਾਲੀ ਨੂੰ ਅਗਲੇ ਤਿੰਨ ਸਾਲਾਂ ਲਈ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ | ਨਵੀਨੀਕਰਨ ਸਮਝੌਤੇ 'ਤੇ ਕਾਲਜ ਦੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਅਤੇ ਅਮਨਦੀਪ ਟੈਗੋਰ, ਟੈਗੋਰ ਏ ਐਂਡ ਕੰਪਨੀ ਵਲੋਂ ਦਸਤਖ਼ਤ ਕੀਤੇ ਗਏ | ਇਸ ਮੌਕੇ ਕਾਮਰਸ ਤੇ ਬਿਜ਼ਨਸ ਮੈਨੇਜਮੈਂਟ ਵਿਭਾਗ ਦੇ ਅਧਿਆਪਕ ਅਤੇ ਦਫਤਰੀ ਸਟਾਫ ਵੀ ਹਾਜ਼ਰ ਸਨ | ਇਸ ਐਮ. ਓ. ਯੂ. ਅਧੀਨ ਕਾਮਰਸ ਤੇ ਬਿਜ਼ਨਸ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ, ਇੰਟਰਨਸ਼ਿਪ, ਉਦਯੋਗਿਕ ਸਿਖਲਾਈ, ਟੈਕਸੇਸ਼ਨ, ਜੀ. ਐਸ. ਟੀ., ਕਾਰਪੋਰੇਟ ਕਾਨੂੰਨਾਂ, ਵਿੱਤੀ ਪ੍ਰਬੰਧਨ ਅਤੇ ਹੋਰ ਪੇਸ਼ੇਵਰ ਖੇਤਰਾਂ ਨਾਲ ਸੰਬੰਧਿਤ ਸੈਮੀਨਾਰਾਂ, ਵਰਕਸ਼ਾਪਾਂ, ਵਿਸ਼ੇਸ਼ ਲੈਕਚਰਾਂ ਤੇ ਮਾਰਗਦਰਸ਼ਨ ਸੈਸ਼ਨਾਂ ਦਾ ਲਾਭ ਮਿਲੇਗਾ | ਇਹ ਪਹਿਲ ਵਿਦਿਆਰਥੀਆਂ ਨੂੰ ਸਿਧਾਂਤਕ ਗਿਆਨ ਦੇ ਨਾਲ-ਨਾਲ ਵਿਵਹਾਰਕ ਤੇ ਰੁਜ਼ਗਾਰਮੁਖੀ ਹੁਨਰਾਂ ਨਾਲ ਵੀ ਲੈਸ ਕਰੇਗੀ | ਵਰਨਣਯੋਗ ਹੈ ਕਿ ਸਾਲ 2023 ਵਿਚ ਸਮਝੌਤਾ ਹਸਤਾਖ਼ਰ ਹੋਣ ਤੋਂ ਬਾਅਦ ਅਮਨਦੀਪ ਟੈਗੋਰ ਵਲੋਂ ਸਮੇਂ-ਸਮੇਂ 'ਤੇ ਆਮਦਨ ਕਰ ਅਤੇ ਈ-ਫਾਈਲਿੰਗ, ਜੀ. ਐਸ. ਟੀ. ਤੇ ਹੋਰ ਸਮਕਾਲੀ ਵਿੱਤੀ ਵਿਸ਼ਿਆਂ ਨਾਲ ਸੰਬੰਧਿਤ ਵਰਕਸ਼ਾਪਾਂ ਤੇ ਵਿਸ਼ੇਸ਼ ਲੈਕਚਰ ਕੀਤੇ ਜਾਂਦੇ ਰਹੇ ਹਨ | ਇਨ੍ਹਾਂ ਗਤੀਵਿਧੀਆਂ ਨੇ ਵਿਦਿਆਰਥੀਆਂ ਨੂੰ ਪੇਸ਼ੇਵਰ ਜਗਤ ਦੀਆਂ ਲੋੜਾਂ ਅਤੇ ਕਾਰਜ-ਪ੍ਰਣਾਲੀਆਂ ਨਾਲ ਜਾਣੂ ਕਰਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਇਸ ਮੌਕੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਦੇ ਨਾਲ-ਨਾਲ ਵਿਹਾਰਕ ਸਿਖਲਾਈ ਅਤੇ ਹੁਨਰ ਵਿਕਾਸ ਦੇ ਮੌਕੇ ਪ੍ਰਦਾਨ ਕਰਨ 'ਤੇ ਜ਼ੋਰ ਦਿੰਦੀ ਹੈ | ਟੈਗੋਰ ਏ ਐਂਡ ਕੰਪਨੀ ਨਾਲ ਸਮਝੌਤੇ (ਐਮ. ਓ. ਯੂ.) ਦਾ ਨਵੀਨੀਕਰਨ ਸਾਡੇ ਵਿਦਿਆਰਥੀਆਂ ਨੂੰ ਉਦਯੋਗ ਤੇ ਪੇਸ਼ੇਵਰ ਖੇਤਰ ਨਾਲ ਹੋਰ ਨੇੜਿਓ ਜੋੜੇਗਾ | ਵਿਭਾਗ ਮੁਖੀ ਡਾ. ਕਮਲਦੀਪ ਕੌਰ ਨੇ ਦੱਸਿਆ ਕਿ ਸਾਲ 2023 ਤੋਂ ਟੈਗੋਰ ਏ ਐਂਡ ਕੰਪਨੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਇਨਕਮ ਟੈਕਸ, ਈ-ਫਾਈਲਿੰਗ, ਜੀ.ਐਸ.ਟੀ ਅਤੇ ਹੋਰ ਵਿਹਾਰਕ ਖੇਤਰਾਂ ਬਾਰੇ ਕੀਮਤੀ ਜਾਣਕਾਰੀ ਅਤੇ ਤਜ਼ਰਬਾ ਪ੍ਰਾਪਤ ਹੋ ਰਿਹਾ ਹੈ | ਅਮਨਦੀਪ ਟੈਗੋਰ ਨੇ ਵੀ ਵਿਦਿਆਰਥੀਆਂ ਦੇ ਹੁਨਰ ਵਿਕਾਸ, ਪੇਸ਼ੇਵਰ ਸਿਖਲਾਈ ਅਤੇ ਕਰੀਅਰ ਉੱਨਤੀ ਲਈ ਆਪਣੀ ਸੰਸਥਾ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਟੈਗੋਰ ਏ ਐਂਡ ਕੰਪਨੀ ਭਵਿੱਖ ਵਿੱਚ ਵੀ ਕਾਲਜ ਨਾਲ ਮਿਲ ਕੇ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਦੀ ਰਹੇਗੀ | ਇਸ ਮੌਕੇ ਵਿਭਾਗ ਮੁਖੀ ਡਾ. ਕਮਲਦੀਪ ਕੌਰ, ਪ੍ਰੋ ਦੀਪਕਾ, ਸ: ਪਰਮਜੀਤ ਸਿੰਘ ਦਫ਼ਤਰ ਸੁਪਰਡੈਂਟ ਅਤੇ ਡਾ. ਸੋਹਣ ਸਿੰਘ ਐਸੋਸੀਏਟ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਆਦਿ ਸ਼ਾਮਲ ਸਨ |