ਨਵਾਂਸ਼ਹਿਰ, 19 ਜੂਨ (ਦੀਦਾਰ ਸਿੰਘ ਸ਼ੇਤਰਾ)-ਆਮ ਲੋਕਾਂ ਨੂੰ ਪ੍ਰਸ਼ਾਸਨਿਕ ਸਹੂਲਤਾਂ ਦੇਣ ਦੇ ਲਾਰੇ ‘ਸਰਕਾਰ ਲੋਕਾਂ ਦੇ ਦੁਆਰ’ ਦੇ ਵਾਅਦਿਆਂ ਦੀ ਅੱਜ ਉਸ ਸਮੇਂ ਫ਼ੂਕ ਨਿਕਲ ਗਈ ਜਦੋਂ ਨਵਾਂਸ਼ਹਿਰ ਦੀ ਤਹਿਸੀਲ ਵਿਖੇ ਉਸ ਵੇਲੇ ਭਾਰੀ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਦੂਰ-ਦੂਰ ਤੋਂ ਆਪਣੇ ਜ਼ਰੂਰੀ ਕੰਮਾਂ ਲਈ ਪਹੁੰਚੇ ਲੋਕਾਂ ਨੂੰ ਪਤਾ ਲੱਗਿਆ ਕਿ ਤਹਿਸੀਲਦਾਰ ਸਾਹਿਬ ਦਫ਼ਤਰ ਵਿਚ ਮੌਜੂਦ ਹੀ ਨਹੀਂ ਹਨ। ਲੋਕਾਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵਲੋਂ ਜਨਤਾ ਦੇ ਕੰਮਾਂ ਨੂੰ ਪਹਿਲ ਦੇਣ ਦੀ ਬਜਾਏ ਅੰਦਰੂਨੀ ਮੀਟਿੰਗਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਜਿਸ ਕਾਰਨ ਆਮ ਲੋਕ ਖ਼ੱਜਲ-ਖ਼ੁਆਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਲੋਕ ਰਜਿਸਟਰੀਆਂ ਕਰਵਾਉਣ, ਵਸੀਅਤਾਂ ਲਿਖਵਾਉਣ ਅਤੇ ਹੋਰ ਸਰਕਾਰੀ ਕੰਮਾਂ ਲਈ ਤਹਿਸੀਲਦਾਰ ਦਫ਼ਤਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਪੀੜਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਬਕਾਇਦਾ ਅੱਜ ਦਾ ਹੀ ਸਮਾਂ ਮਿਲਿਆ ਹੋਇਆ ਸੀ। ਆਪਣੇ ਦੂਸਰੇ ਕੰਮ ਛੱਡ ਕੇ ਉਹ ਜਦੋਂ ਇੱਥੇ ਤਹਿਸੀਲ ਦਫ਼ਤਰ ਵਿਖੇ ਪੁੱਜੇ ਤਾਂ ਪਤਾ ਚੱਲਿਆ ਕਿ ਤਹਿਸੀਲਦਾਰ ਸਾਹਿਬ ਤਾਂ ਸੀਟ ‘ਤੇ ਨਹੀਂ ਹਨ। ਦਫ਼ਤਰ ਬਾਹਰ ਪ੍ਰੇਸ਼ਾਨ ਖੜ੍ਹੇ ਲੋਕਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਸਾਡੇ ਵਿਚ ਇਕ ਉਹ ਵਿਅਕਤੀ ਵੀ ਸ਼ਾਮਿਲ ਹੈ ਜਿਸ ਦੀ ਆਉਣ ਵਾਲੇ ਸੋਮਵਾਰ ਨੂੰ ਵਿਦੇਸ਼ ਜਾਣ ਲਈ ਫਲਾਈਟ ਹੈ। ਉਹ ਬਹੁਤ ਹੀ ਜ਼ਰੂਰੀ ਵਸੀਅਤ ਕਰਵਾਉਣ ਲਈ ਅੱਜ ਤਹਿਸੀਲ ਦਫ਼ਤਰ ਆਇਆ ਹੋਇਆ ਸੀ ਪਰ ਅਫ਼ਸਰ ਦਾ ਦਫ਼ਤਰ ‘ਚ ਡਿਊਟੀ ‘ਤੇ ਨਾ ਹੋਣ ਕਾਰਨ ਉਸ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ। ਉਹ ਬੁਰੀ ਤਰ੍ਹਾਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਸਾਹਿਬ ਤੋਂ ਖ਼ਾਸ ਤੌਰ ‘ਤੇ ਨਵਾਂਸ਼ਹਿਰ ਪਹੁੰਚੀ ਇਕ ਬਜ਼ੁਰਗ ਬੀਬੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰ ਦਾ ਸਮਾਂ ਦਿੱਤਾ ਗਿਆ ਸੀ। ਇੰਨੀ ਦੂਰੋਂ ਸਫ਼ਰ ਕਰਕੇ ਆਉਣ ਦੇ ਬਾਵਜੂਦ ਇਥੇ ਕੋਈ ਵੀ ਅਫ਼ਸਰ ਰਜਿਸਟਰੀ ਕਰਨ ਲਈ ਮੌਜੂਦ ਨਹੀਂ ਹੈ। ਇਸ ਸਾਰੇ ਮਾਮਲੇ ਤੇ ਜਨਤਾ ਦੀ ਪ੍ਰੇਸ਼ਾਨੀ ਸੰਬੰਧੀ ਜਦੋਂ ਤਹਿਸੀਲ ਨਵਾਂਸ਼ਹਿਰ ਦੇ ਸਟਾਫ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਨੁਸਾਰ ਤਹਿਸੀਲਦਾਰ ਸਾਹਿਬ ਚੋਣਾਂ ਸੰਬੰਧੀ ਕਿਸੇ ਜ਼ਰੂਰੀ ਮੀਟਿੰਗ ਵਿੱਚ ਗਏ ਹੋਏ ਹਨ। ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਹੁਣ ਉਹ ਅੱਜ ਦਫ਼ਤਰ ਨਹੀਂ ਆਉਣਗੇ। ਸੋਮਵਾਰ ਨੂੰ ਹੀ ਸੀਟ ‘ਤੇ ਬੈਠਣਗੇ। ਤਹਿਸੀਲ ਦਫ਼ਤਰ ਦੇ ਸਟਾਫ਼ ਦੇ ਇਸ ਜਵਾਬ ਤੋਂ ਬਾਅਦ ਲੋਕਾਂ ਵਿਚ ਪ੍ਰਸ਼ਾਸਨਿਕ ਨਾਕਾਮੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਸੀ। ਲੋਕਾਂ ਨੇ ਮੰਗ ਕੀਤੀ ਕਿ ਜੇਕਰ ਅਫ਼ਸਰ ਨੇ ਮੀਟਿੰਗ ‘ਤੇ ਜਾਣਾ ਹੁੰਦਾ ਹੈ, ਤਾਂ ਜਨਤਾ ਨੂੰ ਪਹਿਲਾਂ ਹੀ ਨਿਯਮਿਤ ਸਮਾਂ ਕਿਉਂ ਜਾਰੀ ਕੀਤਾ ਜਾਂਦਾ ਹੈ। ਇਸ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਜੇਕਰ ਕੋਈ ਅਹਿਮ ਮੀਟਿੰਗ ਆ ਹੀ ਜਾਂਦੀ ਹੈ ਤਾਂ ਕਿਸੇ ਦੂਸਰੇ ਅਧਿਕਾਰੀ ਨੂੰ ਇਹ ਸੇਵਾ ਨਿਭਾਉਣ ਲਈ ਨਿਯੁਕਤ ਕਰ ਦੇਣਾ ਚਾਹੀਦਾ ਹੈ ਤਾਂ ਕਿ ਲੋਕੀਂ ਖਜਲ ਖ਼ੁਆਰ ਨਾ ਹੋਣ।