ਬਲਾਚੌਰ, 20 ਜੂਨ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਇਲਾਕੇ ਅੰਦਰ ਪਾਈਪਾਂ ਰਾਹੀਂ ਕੱਢੀ ਕੰਢੀ ਕਨਾਲ ਨਹਿਰ ਦੀ ਦਰੁਸਤੀ ਹਿੱਤ ਸੇਠੀ ਉਧਨਵਾਲ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਤੇ ਸੰਜੀਵ ਚੌਧਰੀ (ਚੇਚੀ) ਆਪ ਜਨਰਲ ਸੈਕਟਰੀ ਯੂਥ ਵਿੰਗ ਪੰਜਾਬ ਵਲੋਂ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੰਢੀ ਕਨਾਲ ਨਹਿਰ ਦਾ ਕਾਰਜ ਪੇਪਰਾਂ ਵਿਚ ਬਹੁਤ ਤੇਜ਼ ਰਫਤਾਰ ਨਾਲ ਚੱਲ ਰਿਹਾ ਹੈ ਪਰ ਜ਼ਮੀਨੀ ਪੱਧਰ ‘ਤੇ ਹਕੀਕਤ ਵਿਚ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਹੇ ਕਾਰਜ ਕਾਰਨ ਕੰਢੀ ਇਲਾਕੇ ਦੇ ਬਹੁ ਗਿਣਤੀ ਪਿੰਡਾਂ ਦੀਆਂ ਜ਼ਮੀਨਾਂ ਨੂੰ ਹੁਣ ਤੱਕ ਵੀ ਨਹਿਰੀ ਪਾਣੀ ਨਸੀਬ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪੋਜੇਵਾਲ ਦੇ ਆਸ-ਪਾਸ ਲਗਪਗ 10 ਪਿੰਡ ਨਹਿਰੀ ਪਾਣੀ ਤੋਂ ਬਿਲਕੁਲ ਵਾਂਝੇ ਹਨ। ਇਸੇ ਤਰ੍ਹਾਂ ਮਜਾਰੀ ਇਲਾਕੇ ਅੰਦਰ ਵੀ ਬਹੁ ਗਿਣਤੀ ਪਿੰਡਾਂ ਵਿਚ ਲਾਈਨ ਪਾਈ ਗਈ ਹੈ ਪਰ ਉਸ ਦੀ ਮੁਰੰਮਤ ਦਾ ਕੰਮ ਹਾਲੇ ਤੱਕ ਵੀ ਅਧੂਰਾ ਹੈ। ਇਸ ਤੋਂ ਇਲਾਵਾ ਪਿੰਡ ਉਧਨਵਾਲ ਦੇ ਆਸ-ਪਾਸ ਪਿੰਡਾਂ ਵਿੱਚ ਪਾਈਪ ਲਾਈਨ ਦੀ ਰਿਪੇਅਰ ਦਾ ਕੰਮ ਵੀ ਵਿਚਕਾਰ ਹੀ ਲਟਕ ਰਿਹਾ ਹੈ। ਉਨ੍ਹਾਂ ਮੰਤਰੀ ਗੋਇਲ ਦੇ ਧਿਆਨ ਵਿਚ ਲਿਆਂਦਾ ਕਿ ਪੰਜਾਬ ਸਰਕਾਰ ਦਾ ਨਵਾਂ ਪ੍ਰਾਜੈਕਟ 211 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ। ਜਿਸ ਵਿਚ ਕੁੱਝ ਹੋਰ ਪਿੰਡ ਟੁੰਡੇਵਾਲ ਬੇਹਰੜ੍ਹੀ, ਗੋਲੂਮਾਜਰਾ, ਕਲਾਰ, ਟਕਾਰਲਾ, ਮਣਸੇਵਾਲ, ਖੀਵੇਵਾਲ, ਰੱਤੇਵਾਲ ਤੇ ਉਧਨਵਾਲ ਆਦਿ ਵੀ ਜੋੜੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਕੰਢੀ ਇਲਾਕੇ ਦੇ ਛੋਟੇ ਕਿਸਾਨ ਹਨ, ਜਿਨ੍ਹਾਂ ਦਾ ਮੁੱਖ ਕਿੱਤਾ ਪਸ਼ੂ ਪਾਲਣਾ ਅਤੇ ਪਪੂਲਰ ਦੇ ਦਰੱਖਤਾਂ ਦੀ ਪੈਦਾਵਾਰ ਕਰਨਾ ਹੈ ਜਿਸ ਲਈ ਨਹਿਰੀ ਪਾਣੀ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕੰਢੀ ਕਨਾਲ ਨਹਿਰ ਦੀਆਂ ਊਣਤਾਈਆਂ ਨੂੰ ਤੁਰੰਤ ਦੂਰ ਕਰਕੇ ਸਮੁੱਚੇ ਪਿੰਡਾਂ ਨੂੰ ਨਹਿਰ ਦਾ ਪਾਣੀ ਮੁਹੱਈਆ ਕਰਵਾਇਆ ਜਾਵੇ। ਜਿਸ ‘ਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸੰਜੀਵ ਚੌਧਰੀ ਅਤੇ ਸੇਠੀ ਉਧਨਵਾਲ ਨੂੰ ਪੂਰਨ ਵਿਸ਼ਵਾਸ ਦਵਾਇਆ ਕਿ ਕੰਡੀ ਕਨਾਲ ਨਹਿਰ ਦਾ ਮਸਲਾ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਵਲੋਂ ਮੌਕੇ ‘ਤੇ ਹੀ ਸਬੰਧਤ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ।
ਕੰਡੀ ਕਨਾਲ ਨਹਿਰ ਦੀ ਦਰੁਸਤੀ ਹਿੱਤ ਸੰਜੀਵ ਚੌਧਰੀ ਤੇ ਸੇਠੀ ਉਧਨਵਾਲ ਵਲੋਂ ਜਲ ਸਰੋਤ ਮੰਤਰੀ ਗੋਇਲ ਨਾਲ ਵਿਸ਼ੇਸ਼ ਮੁਲਾਕਾਤ
ਅਜੀਤ ਡੈਸਕ
21-06-2026