ਬੰਗਾ, 20 ਜੂਨ (ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸ਼ਹੀਦੀ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਮੂਹ ਸੰਗਤਾਂ ਤੇ ਵਿਦਿਆਰਥੀਆਂ ਵਲੋਂ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਸ਼ਹੀਦੀ ਗੁਰਮਤਿ ਸਮਾਗਮ ਵਿਚ ਭਾਈ ਮਨਪ੍ਰੀਤ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਕੀਤਾ। ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਨਿਸ਼ਾਨ ਸਿੰਘ ਮੁੱਖ ਗ੍ਰੰਥੀ ਗੁ: ਬੀੜ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ, ਗੁਰਇਤਿਹਾਸ ਤੇ ਗੁਰੂ ਸਾਹਿਬ ਦੇ ਬਚਪਨ ਤੋਂ ਲੈ ਕੇ ਸ਼ਹੀਦੀ ਤੱਕ ਦੇ ਜੀਵਨ ਬਿਰਤਾਂਤ ਬਾਰੇ ਵਿਸਥਾਰਪੂਰਵਕ ਵਿਚਾਰ ਸਾਂਝੇ ਕੀਤੇ। ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਆਪਣੇ ਸੰਬੋਧਨ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਦਰਸਾਏ ਸੇਵਾ, ਸਿਮਰਨ ਤੇ ਗੁਰਮਤਿ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਸੇਵਾ ਭਾਈ ਜੋਗਾ ਸਿੰਘ ਵਲੋਂ ਨਿਭਾਈ ਗਈ। ਸ਼ਹੀਦੀ ਗੁਰਮਤਿ ਸਮਾਗਮ ਵਿਚ ਹੁਨਰਦੀਪ ਸਿੰਘ ਬਰਾੜ, ਮਹਿੰਦਰਪਾਲ ਸਿੰਘ, ਡਾ. ਜਸਦੀਪ ਸਿੰਘ ਸੈਣੀ, ਡਾ. ਬਲਵਿੰਦਰ ਸਿੰਘ, ਮੈਡਮ ਦਵਿੰਦਰ ਕੌਰ, ਰਾਜਦੀਪ ਥਿਦਵਾਰ, ਮੈਡਮ ਸੁਖਮਿੰਦਰ ਕੌਰ, ਭਾਈ ਮਨਜੀਤ ਸਿੰਘ ਆਦਿ ਹਾਜ਼ਰ ਸਨ।
ਢਾਹਾਂ ਕਲੇਰਾਂ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ
ਅਜੀਤ ਡੈਸਕ
21-06-2026