ਰਾਹੋਂ, 8 ਜੁਲਾਈ (ਉਂਕਾਰ ਸਿੰਘ ਰਾਠੋਰ)-ਰਾਹੋਂ ਤੋਂ ਮਾਛੀਵਾੜਾ ਰੋਡ ‘ਤੇ ਪਿੰਡ ਸੈਦਪੁਰ ਨੇੜੇ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਗਟਕੇ ਨਾਲ ਭਰਿਆ ਇੱਕ ਟਿੱਪਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਿਆ। ਹਾਦਸੇ ਦੌਰਾਨ ਟਿੱਪਰ ਦਾ ਡਰਾਈਵਰ ਕੈਬਿਨ ਵਿੱਚ ਬੁਰੀ ਤਰ੍ਹਾਂ ਫਸ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਰਾਹਤ ਕਾਰਜ ਸ਼ੁਰੂ ਕੀਤਾ। ਸਥਾਨਕ ਲੋਕਾਂ ਦੀ ਮਦਦ ਨਾਲ ਕਰੀਬ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਟਿੱਪਰ ਰਾਹੋਂ ਤੋਂ ਮਾਛੀਵਾੜਾ ਵੱਲ ਜਾ ਰਿਹਾ ਸੀ। ਫਿਲਹਾਲ ਟਿੱਪਰ ਦੇ ਪਲਟਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹਾਦਸੇ ਤੋਂ ਬਾਅਦ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਰਹੀ, ਜਦਕਿ ਲੋਕਾਂ ਨੇ ਸਮੇਂ ਸਿਰ ਮਦਦ ਕਰਕੇ ਇੱਕ ਵੱਡੇ ਹਾਦਸੇ ਨੂੰ ਟਲਣ ਵਿੱਚ ਅਹਿਮ ਭੂਮਿਕਾ ਨਿਭਾਈ।