ਸੜੋਆ, 8 ਜੁਲਾਈ (ਬਲਵਿੰਦਰ ਨਾਨੋਵਾਲੀਆ)-ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੀ ਸੜਕਾਂ ‘ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਲੈ ਕੇ ਸਖਤ ਰੁਖ ਅਪਣਾਇਆ ਹੋਇਆ ਹੈ, ਪ੍ਰਸ਼ਾਸਨ ਵਲੋਂ ਸਮੇਂ-ਸਮੇਂ ‘ਤੇ ਸੜਕਾਂ ‘ਤੇ ਘੂੰਮ ਰਹੇ ਪਸ਼ੂਆਂ ਦੇ ਮਾਲਕਾਂ ਅਤੇ ਆਮ ਜਨਤਾ ਨੂੰ ਇਨਾਂ ਬੇਸਹਾਰਾ ਪਸ਼ੂਆਂ ਨੂੰ ਸੜਕਾਂ ‘ਤੇ ਨਾ ਛਡਣ ਦੇ ਸਖਤ ਹੁਕਮ ਜਾਰੀ ਕੀਤੇ ਜਾ ਰਹੇ ਹਨ। ਇਸ ਸਮਸਿਆ ਨਾਲ ਜਿਥੇ ਆਵਾਜਾਈ ਵਿਚ ਭਾਰੀ ਵਿਘਨ ਪੈਂਦਾ ਹੈ, ਉਥੇ ਇਲਾਕੇ ਦੇ ਕਿਸਾਨ ਵੀ ਇਨਾਂ ਪਸ਼ੂਆਂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਸੜਕਾਂ ‘ਤੇ ਬੇਸਹਾਰਾ ਘੁੰਮ ਰਹੇ ਪਸ਼ੂ ਪਤਾ ਨਹੀ ਲਗਦਾ, ਕਦੋ ਕਿਸਾਨਾਂ ਦੀਆਂ ਫਸਲਾਂ ਨੂੰ ਚੰਦ ਮਿੰਟ ਵਿਚ ਖ਼ਰਾਬ ਕਰ ਜਾਂਦੇ ਹਨ, ਜਿਸ ਕਾਰਨ ਕਿਸਾਨ ਵੀ ਇਸ ਸਮਸਿਆ ਤੋਂ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ।ਇਸ ਸਮਸਿਆ ਦੇ ਹੱਲ ਲਈ ਕੰਢੀ ਖੇਤਰ ਦੇ ਜ਼ਿਆਦਾਤਰ ਕਿਸਾਨਾਂ ਨੇ ਆਪਣੇ ਪੱਧਰ ‘ਤੇ ਆਪਣੇ ਖੇਤਾਂ ਨੂੰ ਜਾਲ ਲਗਾਇਆ ਹੋਇਆ ਹੈ ਤਾਂ ਜੋ ਅਵਾਰਾ ਪਸ਼ੂ ਉਨ੍ਹਾਂ ਦੀ ਮਿਹਨਤ ਨਾਲ ਪਾਲੀ ਫਸਲ ਦਾ ਨੁਕਸਾਨ ਨਾ ਕਰਨ ਪਰ ਕਿਸਾਨਾਂ ਦੇ ਦੱਸਣ ਅਨੁਸਾਰ ਇਹ ਬੇਸਹਾਰਾ ਪਸ਼ੂ ਖਾਸ ਕਰਕੇ ਸੂਰ ਜਾਂ ਨੀਲ ਗਾਂ ਤਾਂ ਖੇਤ ਨੂੰ ਲਗਾਏ ਜਾਲ ਦੇ ਹੇਠਾਂ ਤੋਂ ਮਿਟੀ ਪੁਟ ਕੇ ਖੇਤ ਵਿਚ ਦਾਖਲ ਹੋ ਜਾਂਦੇ ਹਨ, ਜਦੋ ਕਿ ਨੀਲ ਗਾਵਾਂ ਤਾਂ 5 ਫੁੱਟ ਤੱਕ ਲਗਾਏ ਜਾਲ ਨੂੰ ਵੀ ਉਚੀ ਛਾਲ ਲਗਾ ਕੇ ਪਾਰ ਕਰਕੇ ਖੇਤ ਵਿਚ ਬੀਜੀ ਫਸਲ ਦਾ ਉਜਾੜਾ ਕਰ ਦਿੰਦੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨ ਪੈ ਰਿਹਾ ਹੈ। ਸੜਕਾਂ ‘ਤੇ ਮੱਝਾਂ ਚਰਾਉਣ ਵਾਲੇ ਜਿਥੇ ਆਵਾਜਾਈ ਵਿਚ ਭਾਰੀ ਵਿਘਨ ਪਾਉਂਦੇ ਹਨ, ਉਥੇ ਸੜਕਾਂ ਦੇ ਦੋਨੋ ਪਾਸੇ ਪੰਜਾਬ ਮੰਡੀ ਬੋਰਡ ਵਲੋਂ ਬਣਾਏ ਬਰਮ ਅਤੇ ਨਹਿਰ ਦੀ ਪਟੜੀ ‘ਤੇ ਬਣਾਏ ਬਰਮਾਂ ਦਾ ਵੀ ਭਾਰੀ ਨੁਕਸਾਨ ਕਰਦੀਆਂ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਕੁਮਾਰ ਮੰਗੂਪੁਰ ਨੇ ਇਸ ਸਮਸਿਆ ਵੱਲ ਸੂਬਾ ਸਰਕਾਰ ਦਾ ਧਿਆਨ ਦਵਾਇਆ ਮੰਗ ਕੀਤੀ ਹੈ ਕਿ ਇਸ ਸਮਸਿਆ ਦੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਅਵਾਰਾ ਪਸ਼ੂਆਂ ਨਾਲ ਕਿਸਾਨਾਂ ਦੀ ਨੀਦ ਹਰਾਮ ਹੋਈ ਪਈ ਹੈ ਤੇ ਅਵਾਰਾ ਪਸ਼ੂਆਂ ਦੇ ਸੜਕਾਂ ‘ਤੇ ਘੁੰਮਣ ਨਾਲ ਨਿਤ-ਦਿਨ ਸੜਕ ਹਾਦਸੇ ਵਾਪਰ ਰਹੇ ਹਨ, ਜਿਸ ਨਾਲ ਹੁਣ ਤੱਕ ਅਣਗਿਣਤ ਪਰਿਵਾਰਿਕ ਮੈਂਬਰ ਅਣਆਈ ਮੌਤ ਦੇ ਮੂੰਹ ਪੈ ਚੁਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਕੂਮਤ ਸਮੇਂ ਕੰਢੀ ਦੇ ਕਿਸਾਨਾਂ ਨੂੰ 95 ਫੀਸਦੀ ਸਬਸਿਡੀ ‘ਤੇ ਗ੍ਰਾਂਟ ਖੇਤ ਨੂੰ ਜਾਲ ਲਗਾਉਣ ਲਈ ਦਿਤੀ ਜਾ ਰਹੀ ਸੀ, ਜੋ ਸੂਬਾ ਸਰਕਾਰ ਨੇ ਵਾਪਿਸ ਲੈ ਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਦਸਿਆ ਕਿ ਨਗਰ ਕੌਸਲ ਬਲਾਚੌਰ ਸਮੇਤ ਹੋਰ ਵੱਖ-ਵੱਖ ਦਫਤਰਾਂ ਵਿਚ ਗਊ ਸੈੱਸ ਦਾ ਲੋਕਾਂ ਤੋਂ ਵੱਖ-ਵੱਖ ਰੂਪਾਂ ਵਿਚ ਉਗਰਾਇਆ ਹੋਇਆ ਪੈਸਾ ਵੀ ਅਸਲ ਮੰਤਵ ‘ਤੇ ਖਰਚਣ ਦੀ ਬਜਾਏ ਹਾਕਮ ਸਰਕਾਰ ਵਲੋਂ ਕਿਸੇ ਹੋਰ ਪਾਸੇ ਖਰਚਿਆ ਜਾ ਰਿਹਾ ਹੈ। ਇਸ ਕਰਕੇ ਸੂਬਾ ਸਰਕਾਰ ਦਾ ਸੂਬੇ ਦੇ ਤਰਕੀ ਵੱਲ ਕੋਈ ਧਿਆਨ ਨਹੀ ਹੈ। ਅਗਰ ਉਹ ਪੈਸੇ ਅਵਾਰਾ ਪਸ਼ੂਆਂ ਦੇ ਰੱਖ-ਰਖਾਵ ਲਈ ਖਰਚ ਕਰ ਦਿਤਾ ਜਾਵੇ ਤਾਂ ਜੋ ਆਵਾਜਾਈ ਵਿਚ ਵਿਘਨ ਪਾਉਣ ਵਾਲੇ ਪਸ਼ੂਆਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦੇ ਉਜਾੜੇ ਨੂੰ ਲੈ ਕੇ ਅਤੇ ਨਿਤ-ਦਿਨ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਆਪ ਸਰਕਾਰ ਨੂੰ ਵਿਸ਼ੇਸ਼ ਨੀਤੀ ਬਣਾਉਣੀ ਚਾਹੀਦੀ, ਤਾਂ ਜੋ ਆਮ ਜਨਤਾਂ ਨੂੰ ਇਸ ਸਮਸਿਆ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਅਗਰ ਸੂਬਾ ਸਰਕਾਰ ਨੇ ਫਿਰ ਵੀ ਇਸ ਸਮਸਿਆ ਵੱਲ ਧਿਆਨ ਨਾ ਦਿਤਾ ਤਾਂ ਉਹ ਪਾਰਟੀ ਹਾਈ ਕਮਾਂਡ ਨਾਲ ਮਿਲ ਕੇ ਜਨਤਾ ਦੇ ਸਹਿਯੋਗ ਨਾਲ ਇਸ ਸਮਸਿਆ ਦੇ ਹੱਲ ਲਈ ਅਗਲਾ ਰਾਹ ਅਪਨਾਉਣ ਲਈ ਮਜਬੂਰ ਹੋਣਗੇ।