ਮੰਡੀ ਗੋਬਿੰਦਗੜ੍ਹ, 27 ਜੂਨ (ਰਾਜੇਸ਼ ਸ਼ਰਮਾ)-ਸ਼ਨੀਵਾਰ ਸਵੇਰੇ ਨਿੱਜੀ ਤੌਰ ’ਤੇ ਹੋਰ ਰਹੇ ਕ੍ਰਿਕੇਟ ਟੂਰਨਾਮੈਂਟ ਲਈ ਝੰਡੇ ਲਗਾਉਣ ਸਮੇਂ ਨਗਰ ਕੌਂਸਲ ਦੇ ਇਕ ਕੱਚੇ ਮੁਲਾਜ਼ਮ ਨੂੰ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਮੁਲਾਜ਼ਮ ਦੀ ਪਛਾਣ ਨਗਰ ਕੌਂਸਲ ਦੇ ਮਾਲੀ ਵਜੋਂ ਕੰਮ ਕਰਦੇ ਮੰਗਤ ਸਿੰਘ ਵਜੋਂ ਹੋਈ ਹੈ, ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਿਕ ਉਸ ਦੀ ਹਾਲਤ ਫ਼ਿਲਹਾਲ ਖ਼ਤਰੇ ਤੋਂ ਬਾਹਰ ਅਤੇ ਸਥਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਂਤੀ ਨਗਰ ਇਲਾਕੇ ’ਚ ਬਣੇ ਪਾਰਕ ਵਿਚ ਨਿੱਜੀ ਤੌਰ ’ਤੇ ਕ੍ਰਿਕੇਟ ਟੂਰਨਾਮੈਂਟ ਕਰਵਾਏ ਜਾ ਰਿਹਾ ਹੈ, ਜਿਸ ਨਗਰ ਕੌਂਸਲ ਦੇ ਮੁਲਾਜ਼ਮ ਝੰਡੇ ਲਗਾ ਰਹੇ ਸੀ। ਇਸ ਦੌਰਾਨ ਮੰਗਤ ਸਿੰਘ ਲੋਹੇ ਦੇ ਲੰਬੇ ਪਾਈਪ ਨਾਲ ਝੰਡਾ ਲਗਾ ਰਿਹਾ ਸੀ ਕਿ ਅਚਾਨਕ ਪਾਈਪ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਨਾਲ ਟਕਰਾ ਗਿਆ। ਕਰੰਟ ਲੱਗਣ ਨਾਲ ਉਹ ਜ਼ਮੀਨ ’ਤੇ ਡਿੱਗ ਪਿਆ, ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਚਰਚਾ ਹੈ ਕਿ ਪਹਿਲਾਂ ਵੀ ਲੰਬੇ ਲੋਹੇ ਦੇ ਪਾਈਪਾਂ ਨਾਲ ਝੰਡੇ ਲਗਾਉਣ ਦੌਰਾਨ ਅਜਿਹਾ ਹੀ ਹਾਦਸੇ ਵਾਪਰ ਚੁੱਕੇ ਹਨ, ਜਿਸ ਤੋਂ ਬਾਅਦ ਅਜਿਹੇ ਕੰਮਾਂ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਅਤੇ ਇਸ ਤਰ੍ਹਾਂ ਕਿਸੇ ਪ੍ਰੋਗਰਾਮਾਂ ਦੌਰਾਨ ਝੰਡੇ ਲਗਾਉਣ ’ਤੇ ਮਨਾਹੀ ਕਰ ਦਿੱਤੀ ਗਈ ਸੀ। ਫਿਰ ਇਹ ਝੰਡੇ ਕਿਸ ਦੇ ਕਹਿਣ ’ਤੇ ਲਗਾਏ ਜਾ ਰਹੇ ਸਨ, ਜਿਸ ਕਾਰਨ ਇਸ ਦੇ ਬਾਵਜੂਦ ਇਹ ਘਟਨਾ ਵਾਪਰਨ ਕਾਰਨ ਹੁਕਮਾਂ ਦੀ ਪਾਲਣਾ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉੱਠ ਰਹੇ ਹਨ। ਜ਼ਖ਼ਮੀ ਹੋਏ ਵਿਅਕਤੀ ਮੰਗਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਗਰ ਕੌਂਸਲ ਦੇ ਸੁਪਰਵਾਈਜ਼ਰ ਨੇ ਝੰਡੇ ਲਗਾਉਣ ਲਈ ਕਿਹਾ ਸੀ। ਜਿਸ ਤੋਂ ਬਾਅਦ ਸਾਡੇ ਵਲੋਂ ਝੰਡੇ ਲਗਾਏ ਜਾ ਰਹੇ ਸਨ ਅਤੇ ਲੋਹੇ ਦੇ ਪਾਈਪ ਬਿਜਲੀ ਦੀ ਤਾਰਾਂ ਨਾਲ ਲੱਗ ਗਿਆ ਅਤੇ ਮੈਨੂੰ ਕਰੰਟ ਲੱਗ ਗਿਆ। ਜਿਸ ਤੋਂ ਬਾਅਦ ਮੈਂ ਕੁਝ ਨਹੀਂ ਪਤਾ ਲਗਾ, ਉੱਧਰ ਨਗਰ ਕੌਂਸਲ ਦੇ ਮਾਲੀਆਂ ਦੇ ਸੁਪਰਵਾਈਜ਼ਰ ਗੁਰਜੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਐਤਵਾਰ ਨੂੰ ਹੋਣ ਵਾਲੇ ਕ੍ਰਿਕੇਟ ਟੂਰਨਾਮੈਂਟ ਲਈ ਝੰਡੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਅਤੇ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ। ਝੰਡੇ ਲਗਾਉਣ ਲਈ ਸਾਨੂੰ ਸੋਨੂੰ ਨਾਮਕ ਵਿਅਕਤੀ ਦਾ ਫ਼ੋਨ ਆਇਆ ਸੀ ਜਿਹੜਾ ਵਾਰਡ ਦੇ ਕੌਂਸਲਰ ਦਾ ਨਜ਼ਦੀਕੀ ਹੈ, ਜਿਸ ਦੇ ਕਹਿਣ ਤੋਂ ਬਾਅਦ ਮੁਲਜ਼ਮਾਂ ਨੂੰ ਝੰਡੇ ਲਗਾਉਣ ਲਈ ਕਿਹਾ ਗਿਆ ਸੀ ਅਤੇ ਇਹ ਹਾਦਸਾ ਵਾਪਰ ਗਿਆ। ਫ਼ਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਕੌਂਸਲ ਇਸ ਹਾਦਸੇ ਨੂੰ ਲੈ ਕੇ ਕੀ ਕਦਮ ਚੁੱਕਦੀ ਹੈ ਅਤੇ ਜੇਕਰ ਕਿਸੇ ਪੱਧਰ ’ਤੇ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ ..?