ਫ਼ਤਹਿਗੜ੍ਹ ਸਾਹਿਬ, 27 ਜੂਨ (ਮਨਪ੍ਰੀਤ ਸਿੰਘ)-ਅਗਰਵਾਲ ਸਮਾਜ ਸਭਾ ਵਲੋਂ ਰੋਪੜ ਬੱਸ ਸਟੈਂਡ ਨਜ਼ਦੀਕ ਛਬੀਲ ਲਗਾਈ ਗਈ, ਜਿਸ ’ਚ ਰਾਹਗੀਰਾਂ ਤੇ ਇਲਾਕਾ ਵਾਸੀਆਂ ਲਈ ਠੰਢਾ ਮਿੱਠਾ ਜਲ, ਜਲਜ਼ੀਰਾ ਤੇ ਨਮਕੀਨ ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਭਾ ਦੇ ਪੰਜਾਬ ਪ੍ਰਧਾਨ ਡਾ. ਅਜੈ ਕਾਂਸਲ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਮੁੱਖ ਮਹਿਮਾਨ ਡੀ.ਐਸ.ਪੀ ਰਾਜ ਕੁਮਾਰ ਨਾਲ ਸ਼ਮ੍ਹਾ ਰੌਸ਼ਨ ਕਰ ਸਮਾਗਮ ਦੀ ਸ਼ੁਰੂਆਤ ਕਰਵਾਈ। ਡੀ.ਐਸ.ਪੀ ਰਾਜ ਕੁਮਾਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅਗਰਵਾਲ ਸਭਾ ਵਲੋਂ ਕਰਵਾਏ ਜਾਣ ਵਾਲੇ ਕਾਰਜ ਸ਼ਲਾਘਾਯੋਗ ਹਨ, ਜਿਸ ਦੁਆਰਾ ਕਿ ਹਰ ਸਾਲ ਬੱਚਿਆਂ ਦੀ ਮੁਫ਼ਤ ਸਿੱਖਿਆ, ਸਲਾਈ ਕਢਾਈ ਆਦਿ ਸਮੇਤ ਹੋਰ ਸਮਾਜ ਸੇਵਾ ਦੇ ਕਾਰਜਾਂ ਨੂੰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਭਾ ਵਲੋਂ ਕੀਤੇ ਜਾਣ ਵਾਲੇ ਕਾਰਜ ਮਨੁੱਖਤਾ ਦੀ ਭਲਾਈ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਹਨ, ਜਿਸ ਤੋਂ ਕਿ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ। ਜ਼ਿਲ੍ਹਾ ਪ੍ਰਧਾਨ ਰਾਕੇਸ਼ ਗੁਪਤਾ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਤੇ ਮੁੱਖ ਮਹਿਮਾਨਾਂ ਦਾ ਸਨਮਾਨ ਤੇ ਅਗਰਵਾਲ ਸਭਾ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਰਾਕੇਸ਼ ਗੁਪਤਾ, ਵਿਨੈ ਗੁਪਤਾ, ਅਸ਼ਵਨੀ ਗਰਗ, ਸੀ.ਏ ਅਮਰੀਸ਼ ਜਿੰਦਲ, ਹਰਸ਼ ਗਰਗ ਬਸੀ, ਰਾਕੇਸ਼ ਗਰਗ, ਸ਼ੁਭ ਗੋਇਲ ਅਮਲੋਹ, ਸਸ਼ੀ ਉੱਪਲ, ਪੰਕਜ ਗੁਪਤਾ, ਬਲਵਿੰਦਰ ਸ਼ਰਮਾ, ਰਾਹੁਲ ਕੁਮਾਰ, ਸੰਦੀਪ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਚ ਸਮਾਜ ਸੇਵੀ ਹਾਜ਼ਰ ਸਨ।