ਫ਼ਤਹਿਗੜ੍ਹ ਸਾਹਿਬ, 5 ਜੁਲਾਈ (ਬਲਜਿੰਦਰ ਸਿੰਘ)-ਯੂਰੀਆ ਤੇ ਡੀ. ਏ. ਪੀ. ਖਾਦ ਦੀ ਵੰਡ ਕਿਸਾਨਾਂ ਵਿਚ ਬਰਾਬਰੀ ਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ ਅਤੇ ਯੂਰੀਆ ਜਾਂ ਹੋਰ ਸਬਸਿਡੀ ਵਾਲੀਆਂ ਖਾਦਾਂ ਦੇ ਨਾਲ ਕਿਸਾਨਾਂ ਨੂੰ ਕੋਈ ਹੋਰ ਉਤਪਾਦ ਖ਼ਰੀਦਣ ਲਈ ਮਜਬੂਰ ਨਾ ਕੀਤਾ ਜਾਵੇ। ਇਹ ਹਦਾਇਤਾਂ ਸੰਯੁਕਤ ਡਾਇਰੈਕਟਰ (ਘਣੀ ਖੇਤੀ), ਪੰਜਾਬ-ਕਮ ਜ਼ਿਲ੍ਹਾ ਇੰਚਾਰਜ ਡਾ. ਜੰਗੀਰ ਸਿੰਘ ਗਿੱਲ ਨੇ ਬਲਾਕ ਅਮਲੋਹ ਤੇ ਖੇੜਾ ਵਿਖੇ ਖਾਦ ਤੇ ਕੀਟਨਾਸ਼ਕ ਵਿਕੇ੍ਰਤਾਵਾਂ ਦੀ ਵਿਸ਼ੇਸ਼ ਚੈਕਿੰਗ ਦੌਰਾਨ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਖਾਦ ਦੇ 5 ਅਤੇ ਕੀਟਨਾਸ਼ਕਾਂ ਦੇ 2 ਨਮੂਨੇ ਗੁਣਵੱਤਾ ਜਾਂਚ ਲਈ ਭਰੇ ਗਏ। ਇਸ ਤੋਂ ਇਲਾਵਾ ਯੂਰੀਆ ਦੀ ਜਮ੍ਹਾਖੋਰੀ ਤੇ ਕਾਲਾਬਾਜ਼ਾਰੀ ਸੰਬੰਧੀ ਵੀ ਵਿਸ਼ੇਸ਼ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਸਾਰੇ ਡੀਲਰਾਂ ਕੋਲ ਵੈਲਿਡ ਲਾਇਸੰਸ ਮੌਜੂਦ ਪਾਏ ਗਏ ਅਤੇ ਡੀਲਰਾਂ ਵਲੋਂ ਖਾਦਾਂ ਦਾ ਸਟਾਕ ਬੋਰਡ ਲਗਾਕੇ ਸੂਚਨਾ ਭਰੀ ਹੋਈ ਸੀ। ਸਾਰੀਆਂ ਖਾਦਾਂ, ਦਵਾਈਆਂ ਤੇ ਬੀਜ ਜੋ ਦੁਕਾਨ/ ਗੁਦਾਮ ਵਿਚ ਮੌਜੂਦ ਸਨ, ਲਾਇਸੰਸ ਵਿਚ ਦਰਜ ਸਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਖਾਦ ਵਿਕਰੇਤਾਵਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਖਾਦਾਂ ਦੀ ਜਮ੍ਹਾਂਖੋਰੀ, ਕਾਲਾਬਾਜ਼ਾਰੀ, ਸਬਸਿਡੀ ਵਾਲੀਆਂ ਖਾਦਾਂ ਦੀ ਗੈਰ-ਕਾਨੂੰਨੀ ਡਾਇਵਰਸ਼ਨ ਜਾਂ ਟੈਗਿੰਗ ਸਬੰਧੀ ਪ੍ਰਾਪਤ ਹੋਣ ਵਾਲੀ ਕਿਸੇ ਵੀ ਸ਼ਿਕਾਇਤ ’ਤੇ ਫਰਟੀਲਾਈਜ਼ਰ (ਕੰਟਰੋਲ) ਆਰਡਰ 1985 ਅਤੇ ਜ਼ਰੂਰੀ ਵਸਤੂਆਂ ਐਕਟ 1955 ਦੇ ਪ੍ਰਬੰਧਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਪਹਿਲਾਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਅਤੇ ਖੇਤੀਬਾੜੀ ਵਿਭਾਗ ਦੀ ਸਮੁੱਚੀ ਟੀਮ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਡਾ. ਵਿਵੇਕ ਖੇਤੀਬਾੜੀ ਵਿਕਾਸ ਅਫ਼ਸਰ (ਇਨਪੁੱਟਸ), ਡਾ. ਦਮਨ ਝਾਂਜੀ, ਡਾ. ਰਵਿੰਦਰ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਖੇੜਾ, ਡਾ. ਸਤਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਅਮਲੋਹ ਤੇ ਮੁਨੀਸ਼ ਕੁਮਾਰ ਖੇਤੀਬਾੜੀ ਉਪ ਨਿਰੀਖਕ ਅਮਲੋਹ ਵੀ ਹਾਜ਼ਰ ਸਨ।
ਕਿਸਾਨਾਂ ਵਿਚ ਯੂਰੀਆ ਤੇ ਡੀ. ਏ. ਪੀ. ਖਾਦ ਦੀ ਵੰਡ ਬਰਾਬਰੀ ਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ-ਜੰਗੀਰ ਸਿੰਘ ਗਿੱਲ
ਅਜੀਤ ਡੈਸਕ
06-07-2026