ਬਸੀ ਪਠਾਣਾਂ, 5 ਜੁਲਾਈ (ਰਾਜਿੰਦਰ ਸ਼ਰਮਾ/ਗੌਤਮ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਬਸੀ ਪਠਾਣਾਂ ਦੀ ਮੀਟਿੰਗ ਯੂਨੀਅਨ ਪ੍ਰਧਾਨ ਮਨਜੀਤ ਸਿੰਘ ਕੱਜਲ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਮਹਿਦੂਦਾਂ ਨੇ ਦੱਸਿਆ ਕਿ ਮੀਟਿੰਗ ’ਚ ਹਾਜ਼ਰ ਨੰਬਰਦਾਰਾਂ ਨੇ ਜਿਥੇ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ, ਉਥੇ ਹੀ ਪੰਜਾਬ ਸਰਕਾਰ ਪ੍ਰਤੀ ਵਾਅਦਾ ਖ਼ਿਲਾਫ਼ੀ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੰਬਰਦਾਰਾਂ ਨੂੰ ਕੇਵਲ 1500 ਰੁਪਏ ਪ੍ਰਤੀ ਮਹੀਨਾ ਦਿੰਦੀ ਹੈ, ਜੋ ਪਿਛਲੇ ਕਈ ਮਹੀਨਿਆਂ ਤੋਂ ਮਿਲਿਆ ਹੀ ਨਹੀਂ, ਇਹ ਨੰਬਰਦਾਰਾਂ ਨਾਲ ਬੇਇਨਸਾਫ਼ੀ ਨਹੀਂ ਤਾਂ ਹੋਰ ਕੀ ਹੈ? ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਸਰਪੰਚਾਂ ਦਾ ਭੱਤਾ ਤਾਂ ਵਧਾ ਦਿੱਤਾ ਪਰੰਤੂ ਨੰਬਰਦਾਰਾਂ ਦਾ ਭੱਤਾ 5 ਹਜ਼ਾਰ ਰੁਪਏ ਕਰਨਾ, ਨੰਬਰਦਾਰੀ ਜੱਦੀ ਪੁਸ਼ਤੀ ਕਰਨਾ, ਬੈਠਣ ਲਈ ਕਮਰਾ ਅਲਾਟ ਕਰਨਾ, ਬੱਸ ਸਫ਼ਰ ਤੇ ਟੋਲ ਪਲਾਜ਼ਾ ਮੁਆਫ਼ ਕਰਨਾ ਆਦਿ ਮੰਗਾਂ ਪੂਰੀਆਂ ਨਾ ਕਰਕੇ ਉਨ੍ਹਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ, ਜਿਸ ਕਾਰਨ ਸੂਬੇ ਦੇ 36 ਹਜ਼ਾਰ ਨੰਬਰਦਾਰਾਂ ’ਚ ਭਾਰੀ ਰੋਸ ਪਾਇਆ ਰਿਹਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਨੰਬਰਦਾਰਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੇ ਜਾਣ ਦੀ ਅਪੀਲ ਵੀ ਕੀਤੀ। ਮੀਟਿੰਗ ’ਚ ਨੰਬਰਦਾਰ ਮਲਕੀਤ ਸਿੰਘ ਅਬਦੁੱਲਾਪੁਰ, ਸੁਰਮੁੱਖ ਸਿੰਘ ਧੂੰਆਂ, ਅਵਨਿੰਦਰ ਸਿੰਘ ਖ਼ਜ਼ਾਨਚੀ ਤੇ ਹਰਮਿੰਦਰ ਸਿੰਘ ਆਦਿ ਹਾਜ਼ਰ ਸਨ।