ਫ਼ਤਹਿਗੜ੍ਹ ਸਾਹਿਬ, 8 ਜੁਲਾਈ (ਮਨਪ੍ਰੀਤ ਸਿੰਘ)-ਫ਼ਤਹਿਗੜ੍ਹ ਸਾਹਿਬ ਦੇ ਪਿੰਡ ਪਤਾਰਸੀ ਕਲਾਂ ਵਿਚ ਲੋਕ ਮਿਲਣੀ ਦੌਰਾਨ ਗੱਲ ਕਰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸਟੇਟ ਸਪੋਕਸਪਰਸਨ ਆਮ ਆਦਮੀ ਪਾਰਟੀ ਪੰਜਾਬ ਨੇ ਦੱਸਿਆ ਕਿ ਹੁਣ ਤੱਕ ਰਜਿਸਟਰੇਸ਼ਨ ਕਰਵਾ ਚੁੱਕੀਆਂ, ਲਗਭਗ 45 ਲੱਖ ਪੰਜਾਬ ਦੀਆਂ ਮਾਵਾਂ-ਧੀਆਂ ’ਚੋਂ 32 ਲੱਖ ਦੇ ਕਰੀਬ ਬੀਬੀਆਂ ਦੇ ਖਾਤਿਆਂ ਵਿਚ 3000/4500 ਰੁਪਏ ਦੀ ਸਨਮਾਨ ਰਾਸ਼ੀ ਪੰਜਾਬ ਸਰਕਾਰ ਵਲੋਂ ਪਾ ਦਿੱਤੀ ਗਈ ਹੈ ਅਤੇ ਬਾਕੀ ਖਾਤਿਆਂ ਵਿਚ 1 ਅਗਸਤ ਨੂੰ ਰਕਮ ਪਾ ਦਿੱਤੀ ਜਾਵੇਗੀ ਤਾਂ ਜੋ ਕੋਈ ਵੀ ਮਾਂ-ਭੈਣ ਇਸ ਸਨਮਾਨ ਰਾਸ਼ੀ ਤੋਂ ਵਾਂਝੀ ਨਾ ਰਹਿ ਸਕੇ। ਇਸ ਮੌਕੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਪਿੰਡ ਵਾਸੀਆਂ ਵਲੋਂ ਲੰਮੇ ਸਮੇਂ ਤੋਂ ਛੱਪੜ ਦੀ ਸਫ਼ਾਈ ਨਾ ਹੋਣ ਬਾਰੇ, ਪਤਾਰਸੀ ਕਲਾਂ ਤੋਂ ਖੇੜਾ ਵਾਇਆ ਚੁੰਨੀ ਮਾਜਰਾ ਸੜਕ ਦੀ ਮੁਰੰਮਤ, ਪਿੰਡ ਵਿਚ ਆਂਗਣਵਾੜੀ ਸੈਂਟਰ ਲਈ ਕਮਰੇ ਦੀ ਗਰਾਂਟ ਅਤੇ 5 ਪਿੰਡਾਂ ਦੀ ਕੋਆਪ੍ਰੇਟਿਵ ਸੁਸਾਇਟੀ ਜੋ ਰਾਜਨੀਤਕ ਆਗੂਆਂ ਦੀ ਘਟੀਆ ਕਿਸਮ ਦੀ ਰਾਜਨੀਤੀ ਦਾ ਸ਼ਿਕਾਰ ਹੋਣ ਕਰਕੇ ਨਹੀਂ ਚੱਲ ਰਹੀ, ਵਰਗੇ ਮਸਲੇ ਹੱਲ ਕਰਵਾਉਣ ਸਬੰਧੀ ਮੰਗ ਕੀਤੀ ਗਈ, ਜਿਸ ਸਬੰਧੀ ਚੇਅਰਮੈਨ ਢਿੱਲੋਂ ਦੁਆਰਾ ਉਨ੍ਹਾਂ ਦੇ ਮਸਲੇ ਜਲਦੀ ਹੱਲ ਕਰਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵਲੋਂ ਰੇਲਵੇ ਅੰਡਰ ਪਾਸ ਵਿਚ ਪਾਣੀ ਭਰਨ ਕਾਰਨ ਰਸਤਾ ਬੰਦ ਹੋ ਜਾਣ ਸੰਬੰਧੀ, ਗੈੱਸ ਸਿਲੰਡਰ ਏਜੰਸੀ ਵਲੋਂ ਪਿੰਡ ਵਿਚ ਸਪਲਾਈ ਨਾ ਦੇਣ ਬਾਰੇ ਵੀ ਮੁੱਦਾ ਚੁੱਕਿਆ ਗਿਆ, ਜਿਸ ਸਬੰਧੀ ਚੇਅਰਮੈਨ ਢਿੱਲੋਂ ਨੇ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਇਨ੍ਹਾਂ ਮਸਲਿਆਂ ਨੂੰ ਵੀ ਹੱਲ ਕਰਾਉਣ ਲਈ ਦ੍ਰਿੜ੍ਹਤਾ ਜ਼ਾਹਿਰ ਕੀਤੀ। ਇਸ ਮੌਕੇ ਬੈਂਕ ਖੇਤੀਬਾੜੀ ਅਫ਼ਸਰ ਅਨਵਰ ਮੁਹੰਮਦ ਤੇ ਗ੍ਰਾਮੀਣ ਬੈਂਕ ਤੋਂ ਮਨਜੀਤ ਸਿੰਘ ਐਫ.ਐਲ.ਸੀ ਨੇ ਬੈਂਕ ਸਕੀਮਾਂ ਸਬੰਧੀ ਪਿੰਡ ਵਾਸੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ’ਤੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਜਤਿੰਦਰ ਸਿੰਘ, ਪੰਚ ਜਗਤਾਰ ਸਿੰਘ,ਪੰਚ ਹਰਪਾਲ ਸਿੰਘ, ਸਿਮਰਨਜੀਤ ਸਿੰਘ ਨੰਬਰਦਾਰ, ਤਰਲੋਚਨ ਸਿੰਘ, ਜਗਦੀਸ਼ ਸਿੰਘ, ਹਰਵਿੰਦਰ ਸਿੰਘ, ਗੁਰਦੀਪ ਸਿੰਘ, ਹਰਪਾਲ ਸਿੰਘ, ਨਿਰਮਲ ਸਿੰਘ, ਚਰਨਜੀਤ ਕੌਰ, ਜਸਪ੍ਰੀਤ ਕੌਰ, ਜਸਵੀਰ ਕੌਰ, ਗੁਰਜੋਤ ਸਿੰਘ ਗੁਰਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਵੀ ਹਾਜ਼ਰ ਸਨ ।