ਬਟਾਲਾ, 24 ਜਨਵਰੀ (ਸਤਿੰਦਰ ਸਿੰਘ)-ਲਾਰੈਸ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ (ਡੇਰਾ ਬਾਬਾ ਨਾਨਕ ਰੋਡ) ਬਟਾਲਾ 'ਚ 77ਵਾਂ ਗਣਤੰਤਰ ਦਿਵਸ ਉਤਸ਼ਾਹ ਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ | ਇਸ ਮੌਕੇ ਸਕੂਲ ਦੇ ਕੈਂਪਸ ਨੂੰ ਤਿਰੰਗੇ ਝੰਡਿਆਂ ਤੇ ਗੁਬਾਰਿਆਂ ਨਾਲ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੀ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਸ: ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਡਾਇਰੈਕਟਰ ਡਾ. ਗੁਰਿੰਦਰ ਕੌਰ ਮਾਨ, ਪਿ੍ੰਸੀਪਲ ਡਾਕਟਰ ਉਪਮਾ ਮਹਾਜਨ, ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਕੀਤੀ ਗਈ ਅਤੇ ਉਪਰੰਤ ਸਭ ਨੇ ਮਿਲ ਕੇ ਰਾਸ਼ਟਰੀ ਗਾਣ ਗਾਇਆ | ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਤੇ ਭਾਸ਼ਨ ਪੇਸ਼ ਕੀਤੇ ਗਏ | ਛੋਟੇ ਬੱਚਿਆਂ ਨੇ ਸੁਤੰਤਰਤਾ ਸੰਗਰਾਮੀਆਂ ਦੇ ਰੂਪ ਵਿਚ ਸੱਜ ਕੇ ਸਭ ਦਾ ਮਨ ਮੋਹ ਲਿਆ | ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਕਰਦਿਆਂ ਪ੍ਰੋਗਰਾਮ 'ਚ ਜੋਸ਼ ਭਰ ਦਿੱਤਾ | ਪਿ੍ੰਸੀਪਲ ਡਾ. ਉਪਮਾ ਮਹਾਜਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਵਿਧਾਨ ਦੀ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਉਨ੍ਹਾਂ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈ ਰਹੇ ਹਾਂ | ਉਨ੍ਹਾਂ ਬੱਚਿਆਂ ਨੂੰ ਅਨੁਸ਼ਾਸਨ 'ਚ ਰਹਿਣ ਤੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ | ਅੰਤ 'ਚ ਸਾਰਾ ਸਕੂਲ 'ਜੈ ਹਿੰਦ', 'ਜੈ ਭਾਰਤ' ਦੇ ਨਾਅਰਿਆਂ ਨਾਲ ਗੂੰਜ ਉੱਠਿਆ |