ਨੌਸ਼ਹਿਰਾ ਮੱਝਾ ਸਿੰਘ, 10 ਅਪ੍ਰੈਲ (ਰਵੀ ਭਗਤ)-ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੇ ਨੈਸ਼ਨਲ ਹਾਈਵੇ 'ਤੇ ਪਿੰਡ ਸੁਚੇਤਗੜ ਨੇੜੇ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ | ਇਸ ਸਬੰਧੀ ਪੁਲਿਸ ਚੌਕੀ ਇੰਚਾਰਜ ਨੌਸ਼ਹਿਰਾ ਮੱਝਾ ਸਿੰਘ ਬਲਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਬਿਕਰਮ ਮਸੀਹ ਪੁੱਤਰ ਪਿਆਰਾ ਵਾਸੀ ਪਿੰਡ ਭੈਣੀ ਪਸਵਾਲ ਹਾਲ ਵਾਸੀ ਬੜੌਏ ਮੋਟਰਸਾਈਕਲ ਨੰਬਰ ਪੀ.ਬੀ.06-ਈ 8069 'ਤੇ ਨੌਸ਼ਹਿਰਾ ਮੱਝਾ ਸਿੰਘ ਤੋਂ ਧਾਰੀਵਾਲ ਵੱਲ ਨੂੰ ਆ ਰਿਹਾ ਸੀ ਕਿ ਜਦ ਉਹ ਪਿੰਡ ਸੁਚੇਤਗੜ ਦੇ ਯੂ-ਟਰਨ ਨੇੜੇ ਪੁੱਜਾ ਤਾਂ ਇਕ ਤੇਜ਼ ਰਫਤਾਰ ਟਰੱਕ ਨੰਬਰ ਪੀ.ਬੀ.12-1125 ਦੀ ਲਪੇਟ 'ਚ ਆ ਜਾਣ ਕਾਰਨ ਉਸ ਦੀ ਮੌਤ ਹੋ ਗਈ | ਚੌਕੀ ਇੰਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਟਰੱਕ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ |