ਫਤਹਿਗੜ੍ਹ ਚੂੜੀਆਂ, 15 ਅਪ੍ਰੈਲ (ਐਮ.ਐਸ. ਫੁੱਲ)-ਥਾਣਾ ਫ਼ਤਹਿਗੜ੍ਹ ਚੂੜੀਆਂ ਦੀ ਪੁਲਿਸ ਨੇ ਇਕ ਨੌਜਵਾਨ ਪਾਸੋਂ 2 ਪਿਸਤੌਲ ਅਤੇ 5 ਜਿੰਦਾ ਰੌਂਦ ਬਰਾਮਦ ਕੀਤੇ ਹਨ | ਡੀ.ਐਸ.ਪੀ. ਸ੍ਰੀ ਰਾਜੇਸ਼ ਕੱਕੜ ਅਤੇ ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਕਿ ਕਿਸੇ ਗੁਪਤਚਰ ਨੇ ਸੂਚਨਾ ਦਿੱਤੀ ਕਿ ਰੋਹਿਤ ਸਿੰਘ ਉਰਫ ਰੱਤਾ ਵਾਸੀ ਮੂਲਿਆਂਵਾਲ, ਜਿਸ ਕੋਲ ਨਾਜਾਇਜ਼ ਅਸਲ੍ਹਾ ਹੈ, ਇਸ ਵੇਲੇ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ 'ਤੇ ਫਤਹਿਗੜ੍ਹ ਚੂੜੀਆਂ ਤੋਂ ਬਟਾਲਾ ਵੱਲ ਆ ਰਿਹਾ ਹੈ, ਇਸ ਦੇ ਤੁਰੰਤ ਬਾਅਦ ਉਨ੍ਹਾਂ ਨੇ ਸਾਥੀ ਕਰਮਚਾਰੀਆਂ ਸਮੇਤ ਨੇੜੇ ਸਰਕਾਰੀ ਕਾਲਜ ਕਾਲਾ ਅਫਗਾਨਾ ਵਿਖੇ ਨਾਕਾ ਲਗਾ ਕੇ ਉਕਤ ਨੌਜਵਾਨ ਨੂੰ ਰੋਕਿਆ ਤੇ ਤਲਾਸ਼ੀ ਦੌਰਾਨ ਉਸ ਕੋਲੋਂ 2 ਪਿਸਤੌਲ 30 ਬੋਰ ਅਤੇ ਮੈਗਜ਼ੀਨ 'ਚੋਂ 5 ਰੌਂਦ ਜਿੰਦਾ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਅਸਲ੍ਹੇ ਸੰਬੰਧੀ ਕੋਈ ਵੀ ਲਾਇਸੈਂਸ/ਦਸਤਾਵੇਜ਼ ਆਦਿ ਪੇਸ਼ ਨਹੀਂ ਕਰ ਸਕਿਆ ਜਿਸ 'ਤੇ ਇਸ ਨੂੰ ਸਾਥੀ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕਰਨ ਤੋਂ ਬਾਅਦ ਇਸ ਵਿਰੁੱਧ ਥਾਣਾ ਫਤਹਿਗੜ੍ਹ ਚੂੜੀਆਂ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ |