ਸ਼ਾਹਪੁਰ ਕੰਢੀ, 18 ਅਪ੍ਰੈਲ (ਰਣਜੀਤ ਸਿੰਘ)- ਪੰਜਾਬ ਨੰੂ ਨਸ਼ਾ ਮੁਕਤ ਕਰਨ ਤੇ ਪੇਂਡੂ ਸੁਰੱਖਿਆ ਕਮੇਟੀਆਂ ਨੰੂ ਨਸ਼ੇ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸ਼ਾਹਪੁਰ ਕੰਢੀ ਦੇ ਰਾਵੀ ਸਦਨ ਵਿਸ਼ਰਾਮ ਘਰ ਵਿਚ ਇਲਾਕੇ ਦੇ 21 ਪਿੰਡਾਂ ਦੀਆਂ ਪੇਂਡੂ ਸੁਰੱਖਿਆ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੰੂ ਸੁਣਿਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਵੰਦੇ ਮਾਤਰਮ ਗੀਤ ਨਾਲ ਕੀਤੀ ਗਈ, ਫਿਰ ਆਮ ਲੋਕਾਂ ਨੇ ਸਮੱਸਿਆਵਾਂ ਦੱਸੀਆਂ | ਪਿੰਡਾਂ ਦੇ ਸਰਪੰਚਾਂ ਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ 'ਤੇ ਜੰਗਲਾਤ ਵਿਭਾਗ ਨੇ ਕਬਜ਼ਾ ਕਰ ਲਿਆ ਹੈ | ਇਨ੍ਹਾਂ ਜ਼ਮੀਨਾਂ ਦੇ ਇੰਤਕਾਲ ਜੰਗਲਾਤ ਵਿਭਾਗ ਉੱਪਰ ਦਰਜ ਹੋ ਚੁੱਕੇ ਹਨ ਜਿਸ ਕਾਰਨ ਇਨ੍ਹਾਂ ਜ਼ਮੀਨਾਂ ਵਿਚ ਨਾ ਆਂਗਣਵਾੜੀ ਸੈਂਟਰ, ਨਾ ਪੰਚਾਇਤ ਘਰ ਤੇ ਨਾ ਹੀ ਕਿਸੇ ਤਰ੍ਹਾਂ ਦੀ ਉਸਾਰੀ ਕਰ ਸਕਦੇ ਹਨ | ਇਲਾਕਾ ਵਾਸੀਆਂ ਨੇ ਦੱਸਿਆ ਕਿ ਜਿਹੜੀਆਂ ਸੜਕਾਂ, ਰਸਤੇ ਆਦਿ ਹੜ੍ਹਾਂ ਨਾਲ ਰੁੜ੍ਹ ਗਏ ਸਨ, ਉਨ੍ਹਾਂ ਦੀ ਅੱਜ ਤੱਕ ਮੁਰੰਮਤ ਨਹੀਂ ਹੋਈ, ਜਿਨ੍ਹਾਂ ਲੋਕਾਂ ਦੇ ਘਰ ਡਿੱਗ ਗਏ ਸਨ, ਉਨ੍ਹਾਂ ਨੰੂ ਮੁਆਵਜ਼ਾ ਨਹੀਂ ਮਿਲਿਆ | ਉਨ੍ਹਾਂ ਦੱਸਿਆ ਕਿ ਅਰਧ ਪਹਾੜੀ ਇਲਾਕਾ ਹੋਣ ਕਰਕੇ ਬਰਸਾਤੀ ਖੱਡਾਂ ਦੀ ਭਰਮਾਰ ਹੈ, ਬਹੁਤੇ ਬਰਸਾਤੀ ਨਾਲਿਆਂ ਉਪਰ ਪੁਲ ਨਹੀਂ ਹਨ, ਬਰਸਾਤਾਂ ਦੇ ਦਿਨਾਂ ਵਿਚ ਮਜ਼ਦੂਰ ਕੰਮ 'ਤੇ ਨਹੀਂ ਜਾ ਸਕਦੇ ਤੇ ਨਾ ਹੀ ਬੱਚੇ ਸਕੂਲ ਜਾ ਸਕਦੇ ਹਨ, ਪਿੰਡਾਂ ਵਿਚ ਆਂਗਣਵਾੜੀ ਸੈਂਟਰ ਨਹੀਂ ਹਨ, ਜ਼ਮੀਨਾਂ ਉਪਰ ਜੰਗਲਾਤ ਵਿਭਾਗ ਦਾ ਕਬਜ਼ਾ ਹੈ ਜਿਸ ਕਾਰਨ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ | ਪਿੰਡਾਂ ਵਿਚ ਗਰਾਂਟ ਨਾ ਮਿਲਣ ਦਾ ਮੁੱਦਾ ਭਾਰੂ ਰਿਹਾ | ਰਾਜਪਾਲ ਨੰੂ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਵੀ ਜਾਣੂ ਕਰਵਾਇਆ ਗਿਆ ਅਤੇ ਇਸ ਇਲਾਕੇ ਵਿਚ ਬਾਂਦਰਾਂ ਤੇ ਜੰਗਲੀ ਜਾਨਵਰਾਂ ਦੀ ਭਰਮਾਰ ਹੈ ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਰਹੀਆਂ ਹਨ | ਪਿੰਡ ਬੜੋਈ ਦੇ ਸਰਪੰਚ ਰੂਪ ਸਿੰਘ ਨੇ ਦੱਸਿਆ ਕਿ ਉਸ ਨੰੂ ਪਿੰਡ ਵਾਸੀਆਂ ਨੇ ਸਰਵਸੰਮਤੀ ਨਾਲ ਸਰਪੰਚ ਬਣਾਇਆ ਸੀ ਪਰ ਉਸ ਨੂੰ ਅੱਜ ਤੱਕ ਪੰਜ ਸੌ ਰੁਪਏ ਗਰਾਂਟ ਨਹੀਂ ਆਈ | ਇਹ ਗੱਲ ਸੁਣ ਕੇ ਰਾਜਪਾਲ ਹੈਰਾਨ ਹੋ ਗਏ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਸਮੱਸਿਆ ਹੱਲ ਕੀਤੀ ਜਾਵੇਗੀ | ਰਾਜਪਾਲ ਨੇ ਕਿਹਾ ਕਿ ਪੰਜਾਬ ਅੰਦਰ ਨਸ਼ੇ ਨੰੂ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਲਹਿਰ ਚੱਲ ਰਹੀ ਹੈ, ਜਿਸ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਆਮ ਜਨਤਾ ਦੇ ਸਹਿਯੋਗ ਨਾਲ ਹੀ ਨਸ਼ਾ ਮੁਕਤ ਤੇ ਰੰਗਲਾ ਪੰਜਾਬ ਦਾ ਸੁਪਨਾ ਸਾਕਾਰ ਹੋਵੇਗਾ | ਲੋਕਾਂ ਦੀ ਹਿੱਸੇਦਾਰੀ ਅਧਾਰਿਤ ਮੁਹਿੰਮ ਪੰਜਾਬ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ 'ਚ ਨਿਰਨਾਇਕ ਸਾਬਤ ਹੋਵੇਗੀ | ਉਨ੍ਹਾਂ ਮੁਸ਼ਕਿਲਾਂ ਸੁਣ ਕੇ ਅਧਿਕਾਰੀਆਂ ਨੰੂ ਹੱਲ ਕਰਨ ਲਈ ਕਿਹਾ | ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ | ਇਸ ਮੌਕੇ ਪ੍ਰਮੁੱਖ ਸਕੱਤਰ ਟੂ ਰਾਜਪਾਲ ਵਿਵੇਕ ਪ੍ਰਤਾਪ ਸਿੰਘ, ਸਕੱਤਰ ਰੈੱਡ ਕਰਾਸ ਪੰਜਾਬ ਸ਼ਿਵ ਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਡਾ: ਪਲਵੀ, ਐੱਸ.ਐੱਸ.ਪੀ. ਦਲਜਿੰਦਰ ਸਿੰਘ ਢਿੱਲੋਂ, ਏ.ਡੀ.ਸੀ. ਜਸਵੰਤ ਸਿੰਘ, ਐੱਸ.ਡੀ.ਐਮ. ਸ਼ੰਕਰ ਸ਼ਰਮਾ, ਹਰਭਜਨ ਸਿੰਘ, ਬਲਦੇਵ ਸਿੰਘ ਤੋਂ ਇਲਾਵਾ ਹੋਰ ਸਰਪੰਚ ਤੇ ਸੁਰੱਖਿਆ ਕਮੇਟੀ ਦੇ ਮੈਂਬਰ ਹਾਜ਼ਰ ਸਨ |