ਪਠਾਨਕੋਟ, 30 ਮਈ (ਸੰਧੂ)-ਨਗਰ ਨਿਗਮ ਪਠਾਨਕੋਟ ਦੀਆਂ ਚੋਣਾਂ ਦੇ ਨਤੀਜਿਆਂ ਨੇ ਸ਼ਹਿਰ ਦੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ | ਭਾਵੇਂ ਭਾਰਤੀ ਜਨਤਾ ਪਾਰਟੀ 22 ਸੀਟਾਂ ਜਿੱਤ ਕੇ ਨਿਗਮ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ | ਪਰ ਸਪਸ਼ਟ ਬਹੁਮਤ ਨਾ ਮਿਲਣ ਕਾਰਨ ਮੇਅਰ ਦੀ ਕੁਰਸੀ ਦਾ ਮਾਮਲਾ ਅਜੇ ਵੀ ਪੂਰੀ ਤਰ੍ਹਾਂ ਖੁੱਲ੍ਹਾ ਹੋਇਆ ਹੈ | ਦੂਜੇ ਪਾਸੇ ਕਾਂਗਰਸ ਨੇ 18 ਸੀਟਾਂ ਅਤੇ ਆਮ ਆਦਮੀ ਪਾਰਟੀ ਨੇ 10 ਸੀਟਾਂ ਜਿੱਤ ਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਨਿਗਮ ਦੀ ਸੱਤਾ ਲਈ ਆਉਣ ਵਾਲੇ ਦਿਨਾਂ ਵਿਚ ਸਿਆਸੀ ਸਮੀਕਰਨ ਅਹਿਮ ਭੂਮਿਕਾ ਨਿਭਾਉਣਗੇ | 50 ਮੈਂਬਰੀ ਨਗਰ ਨਿਗਮ ਵਿਚ ਮੇਅਰ ਬਣਾਉਣ ਲਈ 26 ਮੈਂਬਰਾਂ ਦੇ ਸਮਰਥਨ ਦੀ ਲੋੜ ਹੋਵੇਗੀ | ਭਾਜਪਾ 22 ਸੀਟਾਂ ਨਾਲ ਬਹੁਮਤ ਤੋਂ ਸਿਰਫ਼ ਚਾਰ ਕਦਮ ਦੂਰ ਹੈ | ਅਜਿਹੇ ਵਿਚ ਸਭ ਦੀਆਂ ਨਜ਼ਰਾਂ ਹੁਣ ਇਸ ਗੱਲ 'ਤੇ ਟਿਕੀਆਂ ਹਨ ਕਿ ਕੀ ਭਾਜਪਾ ਹੋਰ ਮੈਂਬਰਾਂ ਦਾ ਸਮਰਥਨ ਹਾਸਲ ਕਰਕੇ ਨਿਗਮ ਦੀ ਸੱਤਾ 'ਤੇ ਕਬਜ਼ਾ ਕਰੇਗੀ ਜਾਂ ਫਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਕੋਈ ਅਜਿਹਾ ਸਿਆਸੀ ਫ਼ਾਰਮੂਲਾ ਤਿਆਰ ਕਰਨਗੀਆਂ ਜੋ ਭਾਜਪਾ ਦੇ ਰਾਹ ਵਿਚ ਰੁਕਾਵਟ ਬਣ ਸਕੇ | ਚੋਣ ਨਤੀਜਿਆਂ ਨੇ ਇਹ ਵੀ ਦਰਸਾਇਆ ਹੈ ਕਿ ਪਠਾਨਕੋਟ ਦੇ ਵੋਟਰਾਂ ਨੇ ਕਿਸੇ ਇਕ ਪਾਰਟੀ ਨੂੰ ਪੂਰਨ ਬਹੁਮਤ ਦੇਣ ਦੀ ਬਜਾਏ ਤਿੰਨਾਂ ਪ੍ਰਮੁੱਖ ਪਾਰਟੀਆਂ ਨੂੰ ਮਹੱਤਵਪੂਰਨ ਹਿੱਸੇਦਾਰੀ ਦਿੱਤੀ ਹੈ | ਇਸ ਕਾਰਨ ਹੁਣ ਨਿਗਮ ਦੀ ਸੱਤਾ ਦਾ ਫ਼ੈਸਲਾ ਚੋਣ ਨਤੀਜਿਆਂ ਨਾਲੋਂ ਵੱਧ ਆਉਣ ਵਾਲੇ ਦਿਨਾਂ ਦੀਆਂ ਸਿਆਸੀ ਚਾਲਾਂ ਤੇ ਗੱਠਜੋੜਾਂ 'ਤੇ ਨਿਰਭਰ ਕਰੇਗਾ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਨਿਗਮ ਵਿਚ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦਿਆਂ ਨੂੰ ਲੈ ਕੇ ਅਗਲੇ ਕੁਝ ਹਫ਼ਤਿਆਂ ਦੌਰਾਨ ਕਾਫ਼ੀ ਗਹਿਮਾ-ਗਹਿਮੀ ਰਹਿ ਸਕਦੀ ਹੈ | ਤਿੰਨਾਂ ਪਾਰਟੀਆਂ ਆਪਣੇ-ਆਪਣੇ ਚੁਣੇ ਕੌਂਸਲਰਾਂ ਨੂੰ ਇੱਕਜੁੱਟ ਰੱਖਣ ਅਤੇ ਸਮਰਥਨ ਇਕੱਠਾ ਕਰਨ ਲਈ ਰਣਨੀਤੀਆਂ ਤਿਆਰ ਕਰ ਰਹੀਆਂ ਹਨ | ਇਸ ਦੇ ਨਾਲ ਹੀ ਸੰਭਾਵੀ ਗੱਠਜੋੜਾਂ ਅਤੇ ਸਮਝੌਤਿਆਂ ਨੂੰ ਲੈ ਕੇ ਵੀ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ | ਭਾਜਪਾ ਲਈ ਇਹ ਨਤੀਜੇ ਉਤਸ਼ਾਹਜਨਕ ਹਨ, ਕਿਉਂਕਿ ਉਹ ਨਿਗਮ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ | ਜਦਕਿ ਕਾਂਗਰਸ ਵੀ 18 ਸੀਟਾਂ ਨਾਲ ਮਜ਼ਬੂਤ ਵਿਰੋਧੀ ਧਿਰ ਵਜੋਂ ਸਾਹਮਣੇ ਆਈ ਹੈ | ਆਮ ਆਦਮੀ ਪਾਰਟੀ ਨੇ 10 ਸੀਟਾਂ ਜਿੱਤ ਕੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ ਅਤੇ ਹੁਣ ਉਹ ਨਿਗਮ ਦੀ ਸਿਆਸਤ ਵਿਚ 'ਕਿੰਗ ਮੇਕਰ' ਦੀ ਭੂਮਿਕਾ ਵਿਚ ਨਜ਼ਰ ਆ ਸਕਦੀ ਹੈ | ਸ਼ਹਿਰ ਦੇ ਲੋਕਾਂ ਵਿਚ ਵੀ ਇਸ ਗੱਲ ਨੂੰ ਲੈ ਕੇ ਭਾਰੀ ਉਤਸੁਕਤਾ ਹੈ ਕਿ ਆਿਖ਼ਰ ਨਗਰ ਨਿਗਮ ਪਠਾਨਕੋਟ ਦੀ ਕਮਾਨ ਕਿਸ ਪਾਰਟੀ ਦੇ ਹੱਥਾਂ ਵਿਚ ਜਾਵੇਗੀ | ਮੇਅਰ ਦੀ ਕੁਰਸੀ ਲਈ ਕਈ ਨਾਂਅ ਚਰਚਾ ਵਿਚ ਹਨ | ਪਰ ਅੰਤਿਮ ਫ਼ੈਸਲਾ ਨਿਗਮ ਹਾਊਸ ਦੀ ਗਿਣਤੀ ਅਤੇ ਸਿਆਸੀ ਸਮੀਕਰਨਾਂ ਦੇ ਆਧਾਰ 'ਤੇ ਹੀ ਹੋਵੇਗਾ | ਫ਼ਿਲਹਾਲ ਨਤੀਜਿਆਂ ਤੋਂ ਬਾਅਦ ਜਸ਼ਨਾਂ ਦਾ ਦੌਰ ਭਾਵੇਂ ਖਤਮ ਹੋ ਚੁੱਕਾ ਹੈ | ਪਰ ਅਸਲ ਸਿਆਸੀ ਜੰਗ ਹੁਣ ਸ਼ੁਰੂ ਹੋਈ ਹੈ | ਪਠਾਨਕੋਟ ਦੀ ਨਗਰ ਨਿਗਮ 'ਤੇ ਕਿਸ ਦਾ ਰਾਜ ਹੋਵੇਗਾ ਅਤੇ ਮੇਅਰ ਦਾ ਤਾਜ ਕਿਸ ਦੇ ਸਿਰ ਸਜੇਗਾ, ਇਸ ਦਾ ਫ਼ੈਸਲਾ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀਆਂ ਸਿਆਸੀ ਚਾਲਾਂ, ਗੱਲਬਾਤਾਂ ਅਤੇ ਸੰਭਾਵੀ ਗੱਠਜੋੜਾਂ ਨਾਲ ਹੀ ਹੋਵੇਗਾ |