ਗੁਰਦਾਸਪੁਰ, 20 ਜੂਨ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਮਕੈਨਿਕਲ ਤੇ ਇਲੈਕਟ੍ਰਿਕਲ ਇੰਜੀਨੀਅਰਿੰਗ ਵਿਭਾਗਾਂ ਦੇ 9 ਬੀ.ਟੈਕ ਵਿਦਿਆਰਥੀਆਂ ਦੀ ਇੰਟਰਨੈਸ਼ਨਲ ਟ੍ਰੈਕਟਰਜ਼ ਲਿਮਟਿਡ (ਸੋਨਾਲਿਕਾ ਗਰੁੱਪ) ਵਿਚ ਗ੍ਰੈਜੂਏਟ ਇੰਜੀਨੀਅਰ ਟ੍ਰੇਨੀ (ਜੀ.ਈ.ਟੀ) ਵਜੋਂ ਚੋਣ ਹੋਈ ਹੈ। ਇਸ ਉਪਲਬਧੀ ਨਾਲ ਯੂਨੀਵਰਸਿਟੀ ਨੇ ਇਕ ਵਾਰ ਫਿਰ ਗੁਣਵੱਤਾਪੂਰਨ ਸਿੱਖਿਆ ਤੇ ਉਦਯੋਗ-ਕੇਂਦਰਿਤ ਸਿਖਲਾਈ ਦੇ ਖੇਤਰ ਵਿਚ ਵਿਲੱਖਣ ਪਹਿਚਾਣ ਬਣਾਈ ਹੈ। ਵਿਦਿਆਰਥੀਆਂ ਦੀ ਚੋਣ ਸਖ਼ਤ ਕੈਂਪਸ ਪਲੇਸਮੈਂਟ ਪ੍ਰਕਿਰਿਆ ਰਾਹੀਂ ਕੀਤੀ ਗਈ। ਚੁਣੇ ਗਏ ਵਿਦਿਆਰਥੀ ਹੁਣ ਦੇਸ਼ ਦੀ ਪ੍ਰਮੁੱਖ ਟ੍ਰੈਕਟਰ ਨਿਰਮਾਤਾ ਕੰਪਨੀ ਇੰਟਰਨੈਸ਼ਨਲ ਟ੍ਰੈਕਟਰਜ਼ ਲਿਮਟਿਡ ਵਿਚ ਸੇਵਾਵਾਂ ਨਿਭਾਉਣਗੇ। ਇਹ ਉਪਲਬਧੀ ਉਨ੍ਹਾਂ ਦੀ ਤਕਨੀਕੀ ਯੋਗਤਾ, ਵਿਹਾਰਕ ਗਿਆਨ ਅਤੇ ਮਿਹਨਤ ਦਾ ਨਤੀਜਾ ਹੈ। ਯੂਨੀਵਰਸਿਟੀ ਦੇ ਕੁਲਪਤੀ ਡਾ: ਐਸ. ਕੇ ਮਿਸ਼ਰਾ, ਰਜਿਸਟਰਾਰ ਡਾ: ਅਜੇ ਕੁਮਾਰ, ਡੀਨ ਅਕਾਦਮਿਕ ਅਫੇਅਰਜ਼ ਡਾ: ਹਰੀਸ਼ ਪੰਗੋਤਰਾ ਅਤੇ ਸੈਂਟਰ ਆਫ ਟ੍ਰੇਨਿੰਗ ਐਂਡ ਪਲੇਸਮੈਂਟ ਦੇ ਮੁਖੀ ਡਾ: ਏ. ਕੇ ਡੋਗਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਪਲੇਸਮੈਂਟ ਟੀਮ ਵਲੋਂ ਉਦਯੋਗਾਂ ਨਾਲ ਮਜ਼ਬੂਤ ਤਾਲਮੇਲ ਬਣਾਉਣ ਅਤੇ ਸਫਲ ਭਰਤੀ ਪ੍ਰਕਿਰਿਆ ਕਰਵਾਉਣ ਲਈ ਕੀਤੇ ਯਤਨਾਂ ਦੀ ਪ੍ਰਸੰਸਾ ਕੀਤੀ। ਡਾ: ਐਸ. ਕੇ ਮਿਸ਼ਰਾ ਨੇ ਕਿਹਾ ਕਿ ਇੰਟਰਨੈਸ਼ਨਲ ਟ੍ਰੈਕਟਰਜ਼ ਲਿਮਟਿਡ ਵਰਗੀ ਨਾਮਵਰ ਕੰਪਨੀ ਵਿਚ ਵਿਦਿਆਰਥੀਆਂ ਦੀ ਚੋਣ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿਚ ਵੀ ਉਦਯੋਗਾਂ ਨਾਲ ਸਾਂਝ ਨੂੰ ਹੋਰ ਮਜ਼ਬੂਤ ਕਰਕੇ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਵਚਨਬੱਧ ਹੈ।