ਬਟਾਲਾ, 27 ਜੂਨ (ਸਤਿੰਦਰ ਸਿੰਘ)-ਪੰਜਾਬ ਵਿਚ ਰਹਿ ਕੇ ਲੰਬੇ ਸਮੇਂ ਤੋਂ ਸਮਾਜ ਸੇਵਾ, ਨੌਜਵਾਨਾਂ ਦੀ ਭਲਾਈ ਅਤੇ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਿਤ ਸਟੇਟ ਯੂਥ ਐਵਾਰਡੀ ਤੇਜ ਪ੍ਰਤਾਪ ਸਿੰਘ ਕਾਹਲੋਂ ਨੂੰ ਉਨ੍ਹਾਂ ਦੀ ਨਿੱਜੀ ਕੈਨੇਡਾ ਯਾਤਰਾ ਦੌਰਾਨ ਕੈਨੇਡਾ ਦੇ ਸੰਸਦ ਮੈਂਬਰ ਅਮਰਜੀਤ ਸਿੰਘ ਗਿੱਲ ਵਲੋਂ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਸ ਮੌਕੇ ਕਾਹਲੋਂ ਵਲੋਂ ਸਮਾਜ ਅਤੇ ਨੌਜਵਾਨ ਪੀੜ੍ਹੀ ਦੀ ਉਸਾਰੀ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸਰਾਹਨਾ ਕੀਤੀ ਗਈ। ਸਨਮਾਨ ਦੌਰਾਨ ਸੰਸਦ ਮੈਂਬਰ ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਸਮਾਜ ਨੂੰ ਸਹੀ ਦਿਸ਼ਾ ਦੇਣ ਅਤੇ ਨੌਜਵਾਨਾਂ ਨੂੰ ਰਚਨਾਤਮਕ ਸੋਚ ਵੱਲ ਪ੍ਰੇਰਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਕਿਸੇ ਵੀ ਕੌਮ ਦੀ ਅਸਲ ਪੁੰਜੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਤੇਜ ਪ੍ਰਤਾਪ ਸਿੰਘ ਕਾਹਲੋਂ ਨੇ ਦਹਾਕਿਆਂ ਤੋਂ ਨਸ਼ਾ ਮੁਕਤੀ, ਸਮਾਜਿਕ ਜਾਗਰੂਕਤਾ, ਨੌਜਵਾਨ ਭਲਾਈ ਅਤੇ ਪੰਜਾਬੀ ਵਿਰਸੇ ਦੀ ਸੰਭਾਲ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕਰਕੇ ਸਮਾਜ ਵਿਚ ਇਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਸਮਾਜ ਸੇਵਾ ਅਤੇ ਸਕਾਰਾਤਮਕ ਗਤੀਵਿਧੀਆਂ ਨਾਲ ਜੋੜਨ ਲਈ ਕਾਹਲੋ ਵਲੋਂ ਕੀਤੇ ਜਾ ਰਹੇ ਉਪਰਾਲੇ ਪ੍ਰੇਰਨਾਦਾਇਕ ਹਨ। ਅਜਿਹੇ ਲੋਕ ਸਮਾਜ ਵਿਚ ਨਵੀਂ ਚੇਤਨਾ ਪੈਦਾ ਕਰਦੇ ਹਨ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਹਰ ਸਮਾਜ ਦੀ ਜ਼ਿੰਮੇਵਾਰੀ ਹੈ। ਸਨਮਾਨ ਪ੍ਰਾਪਤ ਕਰਨ ਉਪਰੰਤ ਤੇਜ ਪ੍ਰਤਾਪ ਸਿੰਘ ਕਾਹਲੋਂ ਨੇ ਸੰਸਦ ਮੈਂਬਰ ਅਮਰਜੀਤ ਸਿੰਘ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੈਨੇਡਾ ਦੀ ਨਿੱਜੀ ਫੇਰੀ ਦੌਰਾਨ ਮਿਲੇ ਮਾਣ-ਸਨਮਾਨ ਉਨ੍ਹਾਂ ਲਈ ਯਾਦਗਾਰ ਹੀ ਨਹੀਂ ਬਲਕਿ ਇਹ ਸਨਮਾਨ ਉਨ੍ਹਾਂ ਨੂੰ ਭਵਿੱਖ ਵਿਚ ਵੀ ਸਮਾਜ ਸੇਵਾ, ਨੌਜਵਾਨਾਂ ਦੀ ਭਲਾਈ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਲਈ ਹੋਰ ਵੱਧ ਜੋਸ਼ ਅਤੇ ਸਮਰਪਣ ਨਾਲ ਕੰਮ ਕਰਨ ਦੀ ਪ੍ਰੇਰਣਾ ਦੇਣਗੇ। ਇਸ ਮੌਕੇ ਕੈਨੇਡਾ ਦੇ ਉੱਘੇ ਕਾਰੋਬਾਰੀ ਗੁਰਪ੍ਰੀਤ ਸਿੰਘ (ਸਾਬੀ) ਕੋਕਲਪੁਰ ਵੀ ਹਾਜ਼ਰ ਸਨ।