ਗੁਰਦਾਸਪੁਰ, 28 ਜੂਨ (ਚੱਕਰਾਜਾ)-ਇੰਪਰੂਵਮੈਂਟ ਟਰੱਸਟ ਦੇ ਅਧੀਨ ਆਉਂਦੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਬੱਸ ਟਰਮੀਨਲ ਦੇ ਅੰਦਰ ਲੱਗੀ ਇਕ ਨਿੱਜੀ ਬੱਸ ਦੇ ਅੰਦਰ ਵੜ ਕੇ ਚੋਰ ਵੱਡਾ ਬੈਟਰਾ ਚੋਰੀ ਕਰਕੇ ਲੈ ਗਏ ਜਿਸ ਕਾਰਨ ਬੱਸ ਮਾਲਕ ਦਾ ਦੋਹਰਾ ਨੁਕਸਾਨ ਹੋਇਆ ਹੈ । ਬੈਟਰਾ ਤਾਂ ਚੋਰੀ ਹੋਇਆ ਹੀ ਨਾਲ ਹੀ ਬੱਸ ਵੀ ਬੱਸ ਸਟੈਂਡ ਦੇ ਅੰਦਰ ਖੜੀ ਹੈ ਤੇ ਸਵਾਰੀਆਂ ਲੈ ਕੇ ਸ੍ਰੀ ਹਰਗੋਬਿੰਦਪੁਰ ਨਹੀਂ ਜਾ ਪਾਈ। ਉੱਥੇ ਹੀ ਬੱਸ ਅੱਡੇ ਅੰਦਰੋਂ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਲੈ ਕੇ ਪ੍ਰਾਈਵੇਟ ਬੱਸ ਚਾਲਕਾਂ ਦਾ ਗੁੱਸਾ ਵੀ ਫੁੱਟਿਆ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ 60 ਰੁਪਏ ਪਰਚੀ ਦੇ ਨਾਲ 100 ਰੁਪਏ ਰਾਤ ਬੱਸ ਨੂੰ ਬੱਸ ਅੱਡੇ ਅੰਦਰ ਖੜੀ ਕਰਨ ਲਈ ਫੀਸ ਦਿੰਦੇ ਹਨ। ਪਰ ਬਾਵਜੂਦ ਇਸ ਦੇ ਲਗਾਤਾਰ ਬੱਸਾਂ ਦੇ ਅੰਦਰ ਉਹ ਤੇਲ ਤੇ ਸਮਾਨ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜੇਕਰ ਇੰਪਰੂਵਮੈਂਟ ਟਰੱਸਟ ਨੇ ਉਨ੍ਹਾਂ ਨੂੰ ਸੁਰੱਖਿਆ ਹੀ ਨਹੀਂ ਦੇਣੀ ਤਾਂ ਫਿਰ ਅੱਡਾ ਫੀਸ ਕਿਉਂ ਲਈ ਜਾਂਦੀ ਹੈ। ਗੁੱਸਾਏ ਬੱਸ ਚਾਲਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਵਾਰ ਇੰਪਰੂਵਮੈਂਟ ਟਰੱਸਟ ਨੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਅੱਡਾ ਫੀਸ ਦੇਣੀ ਬੰਦ ਕਰਕੇ ਇੰਪਰੂਵਮੈਂਟ ਟਰੱਸਟ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। ਤਜਿੰਦਰ ਸਿੰਘ ਪੀੜਤ ਬੱਸ ਡਰਾਈਵਰ, ਬਲਜੀਤ ਸਿੰਘ ਪਿਆਰ ਬੱਸ ਸਰਵਿਸ ਦੇ ਅੱਡਾ ਇੰਚਾਰਜ ਅਤੇ ਹਰਦਿਆਲ ਸਿੰਘ ਮਾਨ ਪ੍ਰਾਈਵੇਟ ਬੱਸ ਯੂਨੀਅਨ ਦੇ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਸ ਅੱਡੇ ਅੰਦਰੋਂ ਰਾਤ ਖੜੀਆਂ ਬੱਸਾਂ ਵਿਚੋਂ ਲਗਾਤਾਰ ਤੇਲ ਅਤੇ ਹੋਰ ਸਮਾਨ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਹੁਣ ਤਾਂ ਹੱਦ ਹੀ ਹੋ ਗਈ ਜਦੋਂ ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਰੂਟ ’ਤੇ ਚੱਲਣ ਵਾਲੀ ਇਕ ਨਿੱਜੀ ਬੱਸ ਦੇ ਅੰਦਰ ਵੜ ਕੇ ਚੋਰ ਵੱਡਾ ਬੈਟਰਾ ਚੋਰੀ ਕਰਕੇ ਲੈ ਗਏ। ਇੰਪਰੂਵਮੈਂਟ ਟਰੱਸਟ ਵਲੋਂ ਇਨ੍ਹਾਂ ਬੱਸਾਂ ਦੀ ਸੁਰੱਖਿਆ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ । ਹਰ ਰੋਜ਼ ਬੱਸ ਵਿਚੋਂ ਤੇਲ ਤੇ ਹੋਰ ਸਮਾਨ ਚੋਰੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਤੇ ਚੇਅਰਮੈਨ ਨੂੰ ਸ਼ਿਕਾਇਤ ਕਰ ਚੁੱਕੇ ਹਨ, ਪਰ ਕੋਈ ਇਸ ਵੱਲ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਦਾ ਤੇ ਹੁਣ ਉਨ੍ਹਾਂ ਕੋਲ ਇਕੋ ਚਾਰਾ ਹੈ ਕਿ ਉਹ ਅੱਡਾ ਫੀਸ ਦੇਣੀ ਬੰਦ ਕਰਕੇ ਇੰਪਰੂਵਮੈਂਟ ਟਰੱਸਟ ਦੇ ਖਿਲਾਫ ਪ੍ਰਦਰਸ਼ਨ ਕਰਨ ।