ਗੁਰਦਾਸਪੁਰ, 28 ਜੂਨ (ਅਸ਼ੋਕ ਸ਼ਰਮਾ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਪ੍ਰਕਿਰਿਆ ਬੀਤੀ 25 ਜੂਨ ਤੋਂ ਆਰੰਭ ਹੋ ਚੁੱਕੀ ਹੈ ਤੇ ਜ਼ਿਲ੍ਹਾ ਗੁਰਦਾਸਪੁਰ ਵਿਖੇ 1553 ਬੀ.ਐਲ.ਓਜ਼. ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਅ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਦੱਸਿਆ ਕਿ ਘਰ-ਘਰ ਜਾ ਕੇ ਵੋਟਰਾਂ ਨੂੰ ਗਣਨਾ ਫਾਰਮ ਦੇਣ ਅਤੇ ਫਾਰਮ ਨੂੰ ਭਰਵਾਉਣ ਦੀ ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ ਤੇ ਹੁਣ ਤੱਕ ਜ਼ਿਲ੍ਹਾ ਮਾਨਸਾ ਦੇ ਸੱਤ ਵਿਧਾਨ ਸਭਾ ਹਲਕਿਆਂ ਵਿਚ ਵੋਟਰਾਂ ਨੂੰ 97.73 ਪ੍ਰਤੀਸ਼ਤ ਗਣਨਾ ਫਾਰਮਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਹੜੇ ਵੋਟਰਾਂ ਦੇ ਗਣਨਾ ਫਾਰਮ ਭਰੇ ਜਾਣਗੇ, ਉਨ੍ਹਾਂ ਦੇ ਨਾਮ 3 ਅਗਸਤ 2026 ਨੂੰ ਪ੍ਰਕਾਸ਼ਿਤ ਹੋਣ ਵਾਲੀ ਮੁੱਢਲੀ ਵੋਟਰ ਸੂਚੀ ’ਚ ਦਰਜ ਕੀਤੇ ਜਾਣਗੇ। ਉਨ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਖੇਤਰ ਦੇ ਬੀ.ਐੱਲ.ਓਜ਼. ਬਾਰੇ ਜਾਣਕਾਰੀ ਹਾਸਲ ਕਰਨ ਤੇ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਤਰਜੀਹ ਦੇ ਅਧਾਰ ’ਤੇ ਮੁਕੰਮਲ ਕਰਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮਾਨਤਾ ਪ੍ਰਾਪਤ ਰਾਜਨੀਕ ਪਾਰਟੀਆਂ ਵਲੋਂ ਤਾਇਨਾਤ ਬੀ.ਐਲ.ਏ. ਵਲੋਂ ਵੀ ਇਸ ਕਾਰਜ ’ਚ ਸਹਿਯੋਗ ਦੇਣ ਲਈ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਗਏ ਹਨ, ਜੋ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਯੋਗ ਵੋਟਰ ਆਪਣੀ ਵੋਟ ਬਣਵਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਬਾਲਗ ਵਿਅਕਤੀ ਦੀ ਵੋਟ ਲਾਜ਼ਮੀ ਬਣੇ, ਕਿਸੇ ਵੀ ਯੋਗ ਵਿਅਕਤੀ ਦੀ ਵੋਟ ਕੱਟੀ ਨਾ ਜਾਵੇ ਤੇ ਕੋਈ ਵੀ ਅਯੋਗ ਵੋਟ ਵੋਟਰ ਸੂਚੀ ਵਿਚ ਦਰਜ ਨਾ ਹੋ ਸਕੇ। ਇਸ ਮੌਕੇ ਮਨਜਿੰਦਰ ਸਿੰਘ ਚੋਣ ਤਹਿਸੀਲਦਾਰ ਗੁਰਦਾਸਪੁਰ ਵੀ ਮੌਜੂਦ ਸਨ।