ਬਟਾਲਾ, 1 ਜੁਲਾਈ (ਸਤਿੰਦਰ ਸਿੰਘ)-ਹਲਕਾ ਬਟਾਲਾ ਦੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਐਡਵੋਕੇਟ ਅਮਨਦੀਪ ਜੈਂਤੀਪੁਰ ਹਮੇਸ਼ਾ ਲੋਕਾਂ ਦੀ ਭਲਾਈ, ਸਮਾਜ ਸੇਵਾ ਤੇ ਹਰ ਵਰਗ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਮਨਦੀਪ ਜੈਂਤੀਪੁਰ ਦੀ ਲੋਕ ਪੱਖੀ ਸੋਚ ਤੇ ਸੇਵਾ ਦੀ ਭਾਵਨਾ ਹੀ ਉਨ੍ਹਾਂ ਲਈ ਪ੍ਰੇਰਣਾ ਹੈ, ਜਿਸ ਨੂੰ ਧਿਆਨ ਵਿਚ ਰੱਖਦਿਆਂ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਲਗਾਤਾਰ ਸਮਾਜ ਸੇਵਾ ਦੇ ਕਾਰਜ ਕਰ ਰਹੇ ਹਨ। ਭੁਪਿੰਦਰ ਸਿੰਘ ਨਾਮਧਾਰੀ ਨੇ ਦੱਸਿਆ ਕਿ ਵਾਰਡ ਨੰਬਰ 30 ਦੀ ਕੌਂਸਲਰ ਦੀ ਅਗਵਾਈ ਹੇਠ ਬਣੀ 31 ਮੈਂਬਰੀ ਕਮੇਟੀ ਵਲੋਂ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਕਮੇਟੀ ਵਲੋਂ ਸਮੇਂ-ਸਮੇਂ ’ਤੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ, ਦਵਾਈਆਂ ਤੇ ਹੋਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਸਮਾਜਿਕ ਭਲਾਈ ਦੇ ਕਾਰਜ ਨਿਰੰਤਰ ਜਾਰੀ ਹਨ। ਉਨ੍ਹਾਂ ਕਿਹਾ ਕਿ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਲੋਕਾਂ ਦੇ ਦੁੱਖ-ਸੁੱਖ ’ਚ ਹਮੇਸ਼ਾ ਮੋਹਰੀ ਭੂਮਿਕਾ ਨਿਭਾ ਰਹੀ ਹੈ। ਪਾਰਟੀ ਦਾ ਮੁੱਖ ਉਦੇਸ਼ ਸਿਆਸਤ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਹੈ। ਭੁਪਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਕਮੇਟੀ ਵਲੋਂ ਸਮਾਜ ਸੇਵਾ ਦੇ ਕਾਰਜ ਹੋਰ ਤੇਜ਼ੀ ਨਾਲ ਜਾਰੀ ਰੱਖੇ ਜਾਣਗੇ ਤੇ ਹਰ ਲੋੜਵੰਦ ਤੱਕ ਮਦਦ ਪਹੁੰਚਾਉਣ ਲਈ ਪੂਰੀ ਇਮਾਨਦਾਰੀ ਤੇ ਸਮਰਪਣ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਅੱਜ 31 ਮੈਂਬਰੀ ਕਮੇਟੀ ਵਲੋਂ ਆਪਣੇ ਤੌਰ ’ਤੇ ਇਕ ਲੋੜਵੰਦ ਮਰੀਜ਼ ਦੀ ਮਦਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਹਰ ਲੋੜਵੰਦ ਵਿਅਕਤੀ ਦੀ ਵਧ ਚੜ੍ਹ ਕੇ ਮਦਦ ਕੀਤੀ ਜਾਵੇਗੀ।