ਪਠਾਨਕੋਟ, 1 ਜੁਲਾਈ (ਵਿਨੋਦ)-ਜ਼ਿਲ੍ਹਾ ਪਠਾਨਕੋਟ ਵਿਚ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਮਹਿਲਾਵਾਂ ਦੇ ਖਾਤੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਦੇ ਚਲਦੇ ਮਹਿਲਾਵਾਂ ’ਚ ਜਸ਼ਨ ਦਾ ਮਾਹੌਲ ਬਣ ਗਿਆ, ਪਠਾਨਕੋਟ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ ਵਲੋਂ ਰਜਿਸਟਰੇਸ਼ਨ ਤੋਂ ਵੰਚਿਤ ਮਹਿਲਾਵਾਂ ਦੇ ਫਾਰਮ ਭਰਵਾਏ ਗਏ। ਰੋਹਿਤ ਸਿਆਲ ਨੇ ਕਿਹਾ ਕਿ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਵਿੱਚ ਹਰ ਇੱਕ ਮਹਿਲਾ ਨੂੰ ਲਿਆਂਦਾ ਜਾਵੇਗਾ, ਅਤੇ ਕੋਈ ਵੀ ਮਹਿਲਾ ਇਸ ਯੋਜਨਾ ਤੋਂ ਬੰਚਿਤ ਨਹੀਂ ਰਹਿਣ ਦਿੱਤੀ ਜਾਵੇਗੀ, ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਵੀ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਹਨ, ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਵਰਗ ਦੇ ਲਈ ਯੋਜਨਾਵਾਂ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੱਖਾਂ ਲੋਕ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਆਪਣਾ ਇਲਾਜ ਕਰਵਾ ਚੁੱਕੇ ਹਨ, ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਹਰ ਮਹੀਨੇ ਮੁਫ਼ਤ ਮਿਲ ਰਹੀ ਹੈ, ਅਤੇ ਰਸੋਈ ਰਾਸ਼ਨ ਕਿੱਟ ਸ਼ੁਰੂ ਕਰਕੇ ਵੀ ਮਹਿਲਾਵਾਂ ਦੀ ਰਸੋਈ ਦਾ ਬਜਟ ਸਰਕਾਰ ਵੱਲੋਂ ਘਟਾਇਆ ਗਿਆ ਹੈ।