ਪਠਾਨਕੋਟ, 3 ਜੁਲਾਈ (ਸੰਧੂ)-ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਸ਼ੁੱਧਤਾ ਤੇ ਹਰ ਯੋਗ ਨਾਗਰਿਕ ਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐਸ.ਆਈ.ਆਰ) ਮੁਹਿੰਮ ਤਹਿਤ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਸਵੀਪ ਨੋਡਲ ਅਧਿਕਾਰੀ-ਕਮ-ਜ਼ਿਲ੍ਹਾ ਭੂਮੀ ਰੱਖਿਆ ਅਧਿਕਾਰੀ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਵਾਲ ਵਿਖੇ ਜ਼ਿਲ੍ਹਾ ਸਵੀਪ ਟੀਮ ਵਲੋਂ ਐਸ.ਆਈ.ਆਰ ਸਬੰਧੀ ਪ੍ਰਭਾਵਸ਼ਾਲੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਜ਼ਿਲ੍ਹਾ ਸਵੀਪ ਟੀਮ ਦੇ ਸਹਾਇਕ ਨੋਡਲ ਅਧਿਕਾਰੀ ਸੋਸ਼ਲ ਮੀਡੀਆ ਹੈੱਡ ਮਾਸਟਰ ਰਵੀ ਕਾਂਤ, ਸਹਾਇਕ ਨੋਡਲ ਅਫ਼ਸਰ ਸਵੀਪ ਟੀਮ ਤੇ ਜਾਗਰੂਕਤਾ ਸੈਲ ਹੈਡ ਮਾਸਟਰ ਸੰਜੀਵ ਕੁਮਾਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਐਸ.ਆਈ.ਆਰ ਮੁਹਿੰਮ ਦੇ ਉਦੇਸ਼, ਵੋਟਰ ਸੂਚੀ ਵਿਚ ਨਾਮ ਦਰਜ ਕਰਵਾਉਣ, ਸੋਧ, ਤਬਦੀਲੀ ਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ੁੱਧ ਤੇ ਅੱਪਡੇਟ ਵੋਟਰ ਸੂਚੀ ਇਕ ਮਜ਼ਬੂਤ ਲੋਕਤੰਤਰ ਦੀ ਨੀਂਹ ਹੈ ਤੇ ਹਰ ਯੋਗ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮੇਂ ਸਿਰ ਆਪਣੀ ਵੋਟਰ ਰਜਿਸਟ੍ਰੇਸ਼ਨ ਕਰਵਾਏ। ਇਸ ਮੌਕੇ ਜ਼ਿਲ੍ਹਾ ਸਵੀਪ ਟੀਮ ਦੇ ਮੈਂਬਰ ਵਿਵੇਕ ਡੋਗਰਾ, ਹਰਸਿਮਰਨਜੀਤ ਸਿੰਘ, ਅਮਿਤ ਡੋਗਰਾ, ਪਵਨ ਕੁਮਾਰ, ਨਿਧੀ ਭਾਰਤੀ, ਸਕੂਲ ਇੰਚਾਰਜ ਨੀਰਾ ਗੁਪਤਾ, ਨੇਹਾ ਗੁਪਤਾ, ਰਾਕੇਸ਼ ਮਹਾਜਨ, ਸ਼ਿਖਾ ਕੁਮਾਰੀ, ਅਨੀਤਾ ਕੌਸ਼ਲ, ਅਰਚਨਾ ਸਮੇਤ ਸਮੂਹ ਅਧਿਆਪਕ ਵਰਗ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।