ਬਟਾਲਾ, 6 ਜੁਲਾਈ (ਸਤਿੰਦਰ ਸਿੰਘ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹੈ ਕਿ 6ਵੀਂ ਜਮਾਤ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਹਰਕੀਰਤ ਸਿੰਘ ਨੂੰ ਨੱਚਦਾ ਪੰਜਾਬ ਯੂਥ ਕਲੱਬ, ਕੁਰਾਲੀ, ਚੰਡੀਗੜ੍ਹ ਦੀ ਇਕ ਟੀਮ ਦੇ ਨਾਲ ਯੂਨਾਈਟਿਡ ਕਿੰਗਡਮ ’ਚ ਵਿਸ਼ਵ-ਪ੍ਰਸਿੱਧ ਲੈਂਗੋਲੇਨ ਇੰਟਰਨੈਸ਼ਨਲ ਮਿਊਜ਼ੀਕਲ ਆਈਸਟੇਡਫੋਡ ਫੈਸਟੀਵਲ ’ਚ ਪ੍ਰਦਰਸ਼ਨ ਕਰਨ ਲਈ ਚੁਣਿਆਂ ਗਿਆ ਹੈ। ਇਹ ਅੰਤਰਰਾਸ਼ਟਰੀ ਸੱਭਿਆਚਾਰਕ ਤਿਉਹਾਰ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਕਲਾਕਾਰਾਂ ਨੂੰ ਆਪਣੇ ਸੱਭਿਆਚਾਰ, ਸੰਗੀਤ ਤੇ ਲੋਕ ਨਾਚਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਹਰਕੀਰਤ ਸਿੰਘ ਨੇ ਆਪਣੀ ਪ੍ਰਤਿਭਾ, ਅਨੁਸ਼ਾਸਨ ਤੇ ਨਿਰੰਤਰ ਅਭਿਆਸ ਰਾਹੀਂ ਇਹ ਪ੍ਰਾਪਤੀ ਹਾਸਲ ਕੀਤੀ ਹੈ। ਉਹ ਭਾਰਤੀ ਸੱਭਿਆਚਾਰ ਤੇ ਖਾਸ ਕਰਕੇ ਪੰਜਾਬ ਦੀ ਅਮੀਰ ਲੋਕ ਸੱਭਿਆਚਾਰਕ ਵਿਰਾਸਤ ਨੂੰ ਅੰਤਰਰਾਸ਼ਟਰੀ ਮੰਚ ’ਤੇ ਪੇਸ਼ ਕਰੇਗਾ। ਇਹ ਪ੍ਰਾਪਤੀ ਨਾ ਸਿਰਫ਼ ਉਸ ਦੇ ਪਰਿਵਾਰ ਤੇ ਸਕੂਲ ਲਈ, ਸਗੋਂ ਪੂਰੇ ਖੇਤਰ ਲਈ ਮਾਣ ਵਾਲੀ ਗੱਲ ਹੈ। ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੇ ਖੋਸਲਾ ਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਹਰਕੀਰਤ ਸਿੰਘ ਨੂੰ ਉਸ ਦੀ ਸ਼ਾਨਦਾਰ ਸਫ਼ਲਤਾ ’ਤੇ ਵਧਾਈ ਦਿੱਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਹਰਕੀਰਤ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਨਾਂਅ ਹੋਰ ਉੱਚਾ ਕਰੇਗਾ। ਉਨ੍ਹਾਂ ਹਰਕੀਰਤ, ਉਸ ਦੇ ਮਾਪਿਆਂ, ਕੋਚ ਰਾਜਿੰਦਰ ਪਾਲੀ ਤੇ ਨੱਚਦਾ ਪੰਜਾਬ ਯੂਥ ਕਲੱਬ, ਚੰਡੀਗੜ੍ਹ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅਜਿਹੇ ਮੌਕੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿਕਾਸ, ਆਤਮਵਿਸ਼ਵਾਸ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਸਮਰਪਣ ਤੇ ਅਨੁਸ਼ਾਸਨ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਲੇਟਫਾਰਮਾਂ ’ਤੇ ਸਕੂਲ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਆ।