ਕਲਾਨੌਰ, 6 ਜੁਲਾਈ (ਪੁਰੇਵਾਲ)-ਸਥਾਨਕ ਸਾਹਿਬਜ਼ਾਦਾ ਜੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਛੋਟੇ ਬੱਚਿਆਂ ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਲਈ ‘ਕੱਠਪੁਤਲੀ ਸ਼ੋਅ’ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਗਤੀਵਿਧੀ ਦਾ ਉਦੇਸ਼ ਬੱਚਿਆਂ ’ਚ ਸਿੱਖਣ ਪ੍ਰਤੀ ਰੁਚੀ ਪੈਦਾ ਕਰਨਾ, ਅੰਗਰੇਜ਼ੀ ਕਵਿਤਾਵਾਂ ਨਾਲ ਜਾਣੂ ਕਰਵਾਉਣਾ, ਸੁਣਨ ਤੇ ਸਮਝਣ ਦੀ ਯੋਗਤਾ ਨੂੰ ਵਿਕਸਿਤ ਕਰਨਾ ਤੇ ਉਨ੍ਹਾਂ ਦੀ ਕਲਪਨਾਸ਼ਕਤੀ ਨੂੰ ਹੋਰ ਪ੍ਰਫੁੱਲਤ ਕਰਨਾ ਸੀ। ਉਨ੍ਹਾਂ ਦੱਸਿਆ ਕਿ ਸ਼ੋਅ ਦੀ ਸ਼ੁਰੂਆਤ ਹੁੰਦੇ ਹੀ ਰੰਗ-ਬਿਰੰਗੇ ਕੱਠਪੁਤਲੀਆਂ, ਮਧੁਰ ਸੰਗੀਤ ਤੇ ਆਕਰਸ਼ਕ ਪੇਸ਼ਕਾਰੀ ਨੇ ਬੱਚਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਨੰਨੇ-ਮੁੰਨੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ, ਉਤਸੁਕਤਾ ਤੇ ਖੁਸ਼ੀ ਨਾਲ ਪੂਰਾ ਸ਼ੋਅ ਦੇਖਿਆ ਤੇ ਹਰ ਦ੍ਰਿਸ਼ ਦਾ ਭਰਪੂਰ ਆਨੰਦ ਮਾਣਿਆ। ਬੱਚੇ ਰਾਈਮ ਦੇ ਨਾਲ-ਨਾਲ ਗੁਣ-ਗੁਣਾਉਂਦੇ, ਤਾੜੀਆਂ ਵਜਾਉਂਦੇ ਅਤੇ ਕੱਠਪੁਤਲੀਆਂ ਦੀਆਂ ਗਤੀਵਿਧੀਆਂ ਦਾ ਉਤਸ਼ਾਹ ਨਾਲ ਜਵਾਬ ਦਿੰਦੇ ਨਜ਼ਰ ਆਏ। ਡਾ. ਕਾਹਲੋਂ ਨੇ ਦੱਸਿਆ ਕਿ ਇਸ ਗਤੀਵਿਧੀ ਨੇ ਸਿੱਖਣ ਨੂੰ ਇਕ ਖੇਡਮਈ ਅਤੇ ਰੁਚਿਕਰ ਅਨੁਭਵ ਵਿੱਚ ਬਦਲ ਦਿੱਤਾ। ਅਧਿਆਪਕਾਵਾਂ ਨੇ ਬੱਚਿਆਂ ਨੂੰ ਸ਼ੋਅ ਦੌਰਾਨ ਸਰਗਰਮ ਭਾਗੀਦਾਰੀ ਲਈ ਉਤਸ਼ਾਹਿਤ ਕੀਤਾ ਤੇ ਕਵਿਤਾਵਾਂ ਦੇ ਸੰਦੇਸ਼ ਨੂੰ ਬਹੁਤ ਹੀ ਸਰਲ ਤੇ ਦਿਲਚਸਪ ਢੰਗ ਨਾਲ ਸਮਝਾਇਆ। ਇਸ ਮੌਕੇ ’ਤੇ ਕਿੰਡਰਗਾਰਟਨ ਵਿੰਗ ਦੀ ਕੋਆਰਡੀਨੇਟਰ ਪਵਨਪ੍ਰੀਤ ਕੌਰ, ਕੋਆਰਡੀਨੇਟਰ ਸਰਬਜੀਤ ਕੌਰ, ਯੂ.ਕੇ.ਜੀ. ਕੋਆਰਡੀਨੇਟਰ ਕੁਲਬੀਰ ਕੌਰ, ਰੋਮੀ, ਸਿਮਰਨ ਕੌਰ, ਸੀਮਾ ਕੁਮਾਰੀ, ਆਰਟ ਟੀਚਰ ਵੰਦਨਾ ਅਤੇ ਸਮੂਹ ਅਧਿਆਪਕਾਵਾਂ ਹਾਜ਼ਰ ਸਨ।