ਗੁਰਦਾਸਪੁਰ, 6 ਜੁਲਾਈ (ਅਸ਼ੋਕ ਸ਼ਰਮਾ)-ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਹੱਕੀ ਮੰਗਾਂ ਨਾ ਮੰਨਣ ’ਤੇ ਉਨ੍ਹਾਂ ਵਲੋਂ 9 ਜੁਲਾਈ ਤੋਂ ਕਲਮਛੋੜ ਤੇ ਕੰਪਿਊਟਰ ਬੰਦ ਹੜਤਾਲ ਕੀਤੀ ਜਾਵੇਗੀ। ਇਸ ਸਬੰਧੀ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਤੇ ਸੂਬਾ ਸਕੱਤਰ ਨਰਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਡੀ.ਸੀ. ਦਫਤਰਾਂ ਵਿਚ ਸੀਨੀਅਰ ਸਹਾਇਕ ਦੀ ਤਰੱਕੀ ਕੋਟਾ 100 ਫੀਸਦੀ ਕਰਨਾ ਤੇ ਖਾਲੀ ਪਈਆਂ ਅਸਾਮੀਆਂ ਨੂੰ ਤਰੱਕੀ ਰਾਹੀਂ ਭਰਨਾ, ਸੁਪਰਡੈਂਟ ਗ੍ਰੇਡ-2 ਮਾਲ ਰਿਕਾਰਡ ਤੋਂ ਤਹਿਸੀਲਦਾਰ ਤਰੱਕੀ ਲਈ ਦਾ ਤਜਰਬਾ ਘਟਾ ਕੇ 2 ਸਾਲ ਕਰਨਾ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਪ੍ਰਮੋਸ਼ਨ ਲਈ ਕੋਟਾ ਵਧਾ ਕੇ 25 ਫੀਸਦੀ ਕਰਨਾ, ਸੁਪਰਡੈਂਟ ਗ੍ਰੇਡ-2 ਨਾਲ (ਮਾਲ ਤੇ ਰਿਕਾਰਡ) ਤੋਂ ਤਹਿਸੀਲਦਾਰ ਤਰੱਕੀ ਲਈ ਪਹੁੰਚੇ ਪੈਨਲ ਅਨੁਸਾਰ ਤਰੱਕੀਆਂ ਕਰਨਾ, ਤਹਿਸੀਲਾਂ ਵਿਚ ਸੁਪਰਡੈਂਟ (ਮਾਲ ਤੇ ਰਿਕਾਰਡ) ਆਸਾਮੀ ਦੀ ਰਚਨਾ ਕਰਨਾ, ਜ਼ਿਲ੍ਹਾ ਮਾਲ ਅਫਸਰਾਂ ਦੀਆਂ ਅਦਾਲਤਾਂ ਵਿਚ ਰੀਡਰ ਦੀ ਆਸਾਮੀ ਸੀਨੀਅਰ ਸਹਾਇਕ ਦੀ ਕਰਨਾ ਅਤੇ ਨਾਲ ਇਕ ਅਹਿਲਮਦ (ਕਰਲਕ) ਤਾਇਨਾਤ ਕਰਨਾ, ਡੀ.ਸੀ. ਦਫਤਰਾਂ, ਐਸ.ਡੀ.ਐਮ. ਤਹਿਸੀਲ ਅਤੇ ਸਬ ਤਹਿਸੀਲ ਦਫਤਰਾਂ ਦੇ ਕਰਮਚਾਰੀਆਂ ਨੂੰ 5 ਪ੍ਰਤੀਸ਼ਤ ਪ੍ਰਸ਼ਾਸਕੀ ਭੱਤਾ ਦੇਣ ਬਾਰੇ ਸੁਪਰਡੈਂਟ ਗ੍ਰੇਡ-1 ਦੀਆਂ ਖਾਲੀ ਪਈਆਂ ਆਸਾਮੀਆਂ ’ਤੇ ਤਰੱਕੀ ਕਰਨਾ ਅਤੇ ਆਊਟ ਸੋਰਸ ਅਤੇ ਠੇਕੇ ’ਤੇ ਕੰਮ ਕਰਦੇ ਕਰਮਚੀਆਂ ਦੀ ਤਨਖਾਹ ਵਿਚ ਵਾਧਾ ਕਰਨ ਅਤੇ ਪੱਕੇ ਕਰਨਾ, 17-7-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪਹਿਲੇ ਕਰਮਚਾਰੀਆਂ ਦੀ ਤਰ੍ਹਾਂ ਬਣਦੀ ਮੁੱਢਲੀ ਤਨਖਾਹ ਦੇਣਾ, ਪੁਰਾਣੀ ਪੈਨਸ਼ਨ, ਏ.ਸੀ.ਪੀ. ਸਕੀਮ ਬਹਾਲ ਕਰਨ ਅਤੇ 18 ਫੀਸਦੀ ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨਾ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਥਾਣਾ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਅਣਮਨੁੱਖੀ ਵਤੀਰਾ ਕਰਕੇ ਤਸੱਦਦ ਕਰਨ ਵਾਲੇ ਪੁਲਿਸ ਕਰਮੀਆਂ ’ਤੇ ਕਾਰਵਾਈ ਕਰਨਾ ਆਦਿ ਮੰਗਾਂ ਸਰਕਾਰ ਵੱਲ ਲੰਮੇ ਸਮੇਂ ਲੰਬਿਤ ਪਈਆਂ ਹਨ। ਵਿਤੀ ਕਮਿਸ਼ਨਰ ਨਾਲ ਮਿਤੀ 7-5-2026 ਅਤੇ ਫਿਰ ਮਾਲ ਮੰਤਰੀ ਪੰਜਾਬ ਨਾਲ 30-6-26 ਨੂੰ ਹੋਈਆਂ ਮੀਟਿੰਗਾਂ ਹੋਣ ਦੇ ਬਾਵਜੂਦ ਕੋਈ ਵੀ ਮੰਗ ਪ੍ਰਵਾਨ ਨਹੀਂ ਕੀਤੀ। ਜਿਸ ਦੇ ਰੋਸ ਵਜੋਂ ਮੋਗਾ ਵਿਖੇ ਸੂਬਾ ਪੱਧਰੀ ਮੀਟਿੰਗ ਵਿਚ ਸਾਰੇ ਆਗੂਆਂ ਦੇ ਵਿਚਾਰਾਂ ਤੋਂ ਬਾਅਦ ਫੈਸਲਾ ਲੈਂਦੇ ਹੋਏ ਸਰਕਾਰ ਨੂੰ ਨੋਟਿਸ ਭੇਜਦੇ ਹੋਏ 9 ਤੋਂ 12 ਜੁਲਾਈ 2026 ਤੱਕ ਕਲਮਛੋੜ ਅਤੇ ਕੰਪਿਊਟਰ ਬੰਦ ਕਰਕੇ ਹੜਤਾਲ ਕੀਤੀ ਜਾ ਰਹੀ ਹੈ।