ਬਟਾਲਾ, 6 ਜੁਲਾਈ (ਹਰਦੇਵ ਸਿੰਘ ਸੰਧੂ)-ਬੀਤੀ 25-26 ਜੂਨ ਦੀ ਦਰਮਿਆਨੀ ਰਾਤ ਨੂੰ ਬਟਾਲਾ ਥਾਣਾ ਸਦਰ ਆਧੀਨ ਆਉਂਦੇ ਪਿੰਡ ਹਰਦੋਝੰਡੇ ’ਚ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਘਰ ਦੇ ਗੇਟ ’ਤੇ ਅਣਪਛਾਤੇ ਮੋਟਰਸਾਇਕਲ ਸਵਾਰਾਂ ਵਲੋਂ 5 ਗੋਲੀਆਂ ਮਾਰੀਆਂ ਗਈਆਂ ਸਨ। ਜਿਸ ਨੂੰ ਲੈ ਕੇ ਥਾਣਾ ਸਦਰ ਬਟਾਲਾ ’ਚ ਮਾਮਲਾ ਦਰਜ਼ ਕਰਕੇ ਪੁਲਿਸ ਵਲੋਂ ਜਾਂਚ ਸ਼ੁਰੂ ਕੀਤੀ ਗਈ। ਜਿਸ ਸੰਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਉਕਤ ਮਾਮਲੇ ’ਚ ਸ਼ਾਮਲ 3 ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਬਾਰੇ ਡੀ.ਐਸ.ਪੀ. ਫਤਹਿਗੜ੍ਹ ਚੂੜੀਆਂ ਲਲਿਤ ਕੁਮਾਰ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 25-26 ਜੂਨ ਦੀ ਦਰਮਿਆਨੀ ਰਾਤ ਜਿਹੜੀਆਂ ਗੋਲੀਆਂ ਚੱਲੀਆਂ ਸਨ ਉਸ ਬਾਰੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਪੁਲਿਸ ਦਿੱਤੀ ਜਾਣਕਾਰੀ ਅਨੁਸਾਰ ਉਸ ਦਾ ਪੁੱਤਰ ਤਰਸੇਮ ਸਿੰਘ ਹੈਪੀ ਜਿਹੜਾ ਯੂ.ਕੇ. ਰਹਿੰਦਾ ਹੈ, ਕੋਲੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਜਿਸ ਬਾਰੇ ਡੀ.ਐਸ.ਪੀ. ਨੇ ਦੱਸਿਆ ਕਿ ਫਿਰੌਤੀ ਨਾ ਦੇਣ ਦੀ ਸੂਰਤ ਵਿਚ ਮਨਿੰਦਰ ਸਿੰਘ ਸਿੰਘ ਯੂ.ਕੇ. ਵਾਸੀ ਨੇ ਅਨੀਸ਼ ਕੁਮਾਰ ਨੌਨੀ ਪੁੱਤਰ ਜਸਪਾਲ ਕੁਮਾਰ ਬਾਵਾ, ਜੁਗਰਾਜ ਸਿੰਘ ਉਰਫ ਕਾਕਾ ਪੁੱਤਰ ਹਰਜੀਤ ਸਿੰਘ, ਹਰਪ੍ਰੀਤ ਸਿੰਘ ਬਿੱਲਾ ਪੁੱਤਰ ਜੰਗ ਸਿੰਘ ਤਿੰਨੋ ਵਾਸੀ ਥਾਣਾ ਝੰਡੇਰ ਅੰਮ੍ਰਿਤਸਰ ਨੂੰ ਪੈਸਿਆਂ ਦਾ ਲਾਲਚ ਦੇ ਕੇ ਪਿਸਤੌਲ ਦੇ ਕੇ ਲਖਬੀਰ ਸਿੰਘ ਦੇ ਗੇਟ ’ਤੇ ਗੋਲੀਆਂ ਚਲਵਾਈਆਂ। ਡੀ.ਐਸ.ਪੀ. ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਤੇ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਦੇ ਟਿਕਾਣਿਆਂ ’ਤੇ ਰੇਡ ਕਰਕੇ ਇਨ੍ਹਾਂ ਤਿੰਨ੍ਹਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਤਿੰਨਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਤੇ ਪੁੱਛ ਗਿੱਛ ਦੌਰਾਨ ਅਨੀਸ਼ ਕੁਮਾਰ ਕੋਲੋਂ ਵਾਰਦਾਤ ’ਚ ਵਰਤਿਆ ਮੋਟਰਸਾਇਕਲ ਤੇ ਪਿਸਤੌਲ 32 ਬੋਰ ਬਰਾਮਦ ਕੀਤੇ ਗਏ। ਡੀ.ਐਸ.ਪੀ. ਨੇ ਹੋਰ ਦੱਸਿਆ ਕਿ ਕਾਬੂ ਕੀਤੇ ਜੁਗਰਾਜ ਸਿੰਘ ਨੂੰ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਕਿ ਉਸ ਕੋਲੋਂ ਪੁਲਿਸ ਦੀ ਗੱਡੀ ਵਿਚੋਂ ਛਾਲ ਮਾਰ ਦਿੱਤੀ ਜਿ ਨਾਲ ਉਸ ਦੀ ਲੱਤ ’ਤੇ ਸੱਟ ਲੱਗ ਗਈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।