ਅੰਮਿ੍ਤਸਰ, 21 ਫਰਵਰੀ (ਹਰਮਿੰਦਰ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਇਨਕਲਾਬੀ ਵੀਰਾਂਗਣਾ ਗ਼ਦਰੀ ਗ਼ੁਲਾਬ ਕੌਰ ਨੂੰ ਸਮਰਪਿਤ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 'ਚ ਜ਼ੋਨ ਅਤੇ ਇਕਾਈ ਪੱਧਰ ਤੇ ਅਹਿਮ ਸਥਾਨ ਹਾਸਿਲ ਕਰਨ ਵਾਲੇ ਸਕੂਲ ਆਫ ਐਮੀਨੈਂਸ, ਛੇਹਰਟਾ ਅੰਮਿ੍ਤਸਰ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਸਕੂਲ 'ਚ ਹੋਏ ਸਮਾਗਮ ਦੌਰਾਨ ਪਿ੍ੰ: ਮਨਮੀਤ ਕੌਰ, ਸੂਬਾਈ ਆਗੂ ਸੁਮੀਤ ਅੰਮਿ੍ਤਸਰ, ਇਕਾਈ ਆਗੂਆਂ ਜਸਪਾਲ ਬਾਸਰਕੇ, ਪਿ੍ੰ: ਮੇਲਾ ਰਾਮ, ਦਮਨਜੀਤ ਕੌਰ, ਹਰੀ ਕਿ੍ਸ਼ਨ, ਸੁਰੇਸ਼ ਪਠਾਣੀਆਂ ਅਤੇ ਲੈਕਚਰਾਰ ਜਸਵੰਤ ਰਾਏ ਵਲੋਂ ਸਮੁੱਚੇ ਅੰਮਿ੍ਤਸਰ ਜ਼ੋਨ 'ਚੋਂ ਗਿਆਰਵੀਂ ਜਮਾਤ 'ਚੋਂ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨਵਪ੍ਰੀਤ ਕੌਰ ਅਤੇ ਰੇਸ਼ਮਾ ਅਤੇ ਇਕਾਈ ਪੱਧਰ ਤੇ ਗਿਆਰਵੀਂ ਜਮਾਤ ਚੋਂ ਪਹਿਲਾ ਸਥਾਨ ਪਲਕਜੀਤ ਕੌਰ, ਬਾਰ੍ਹਵੀਂ ਜਮਾਤ 'ਚੋਂ ਪਹਿਲਾ ਸਥਾਨ ਸਿਮਰਨ ਅਤੇ ਅੱਠਵੀਂ ਜਮਾਤ 'ਚੋਂ ਤੀਜਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਅਰਸ਼ਬੀਰ ਕੌਰ ਨੂੰ ਤਰਕਸ਼ੀਲ ਕਿਤਾਬਾਂ ਦਾ ਸੈੱਟ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਚੇਤਨ ਪ੍ਰੀਖਿਆ 'ਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ 12 ਵਿਦਿਆਰਥੀਆਂ ਨੂੰ ਵੀ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰ: ਮਨਮੀਤ ਕੌਰ ਨੇ ਤਰਕਸ਼ੀਲ ਸੁਸਾਇਟੀ ਦੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਵਿਗਿਆਨ ਦੇ ਯੁੱਗ 'ਚ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ, ਧਾਗੇ ਤਵੀਤਾਂ, ਜਨਮ ਟੇਵਿਆਂ, ਨਸ਼ਿਆਂ, ਰੂੜ੍ਹੀਵਾਦੀ ਰਸਮਾਂ, ਫਿਰਕਾਪ੍ਰਸਤੀ, ਪਾਖੰਡੀ ਬਾਬਿਆਂ, ਸਾਧਾਂ, ਜੋਤਸ਼ੀਆਂ, ਡੇਰਿਆਂ ਦੇ ਝਾਂਸਿਆਂ ਤੋਂ ਬਚਣ ਅਤੇ ਜ਼ਿੰਦਗੀ ਦੀਆਂ ਸਮੱਸਿਆਵਾਂ ਦੇ ਟਾਕਰੇ ਲਈ ਵਿਗਿਆਨਕ ਦਿ੍ਸ਼ਟੀਕੋਣ ਅਪਨਾਉਣ ਲਈ ਵਿਦਿਅਕ ਅਦਾਰਿਆਂ ਵਿਚ ਸਮੇਂ-ਸਮੇਂ 'ਤੇ ਅਜਿਹੀਆਂ ਵਿਗਿਆਨਕ ਚੇਤਨਾ ਪ੍ਰੀਖਿਆਵਾਂ ਬੇਹੱਦ ਜਰੂਰੀ ਹਨ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ 'ਚ ਸ਼ਾਮਿਲ ਹੋਣਾ ਚਾਹੀਦਾ ਹੈ | ਇਸ ਮੌਕੇ ਸੁਮੀਤ ਅੰਮਿ੍ਤਸਰ ਅਤੇ ਇਕਾਈ ਆਗੂ ਜਸਪਾਲ ਬਾਸਰਕੇ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪ੍ਰੀਖਿਆ ਦਾ ਉਦੇਸ਼ ਤੋਂ ਜਾਣੂੰ ਕਰਵਾਇਆ ਇਸ ਮੌਕੇ ਤਰਕਸ਼ੀਲ ਸੁਸਾਇਟੀ ਵਲੋਂ ਚੇਤਨਾ ਪ੍ਰੀਖਿਆ 'ਚ ਸਹਿਯੋਗ ਦੇਣ ਲਈ ਸਕੂਲ ਪਿ੍ੰਸੀਪਲ ਮਨਮੀਤ ਕੌਰ ਅਤੇ ਲੈਕਚਰਾਰ ਜਸਵੰਤ ਰਾਏ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਅਧਿਆਪਕ ਯੋਗ ਪਾਲ, ਕਸ਼ਮੀਰ ਸਿੰਘ ਗਿੱਲ, ਭਾਵਨਾ ਭੱਲਾ ਅਤੇ ਪਿ੍ੰਸ ਖੋਸਲਾ ਵੀ ਹਾਜ਼ਰ ਸਨ |