ਅੰਮਿ੍ਤਸਰ/ਜਗਦੇਵ ਕਲਾਂ, 21 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ/ਸ਼ਰਨਜੀਤ ਸਿੰਘ ਗਿੱਲ)-ਕਾਮਰੇਡ ਉਜਾਗਰ ਸਿੰਘ ਮੈਮੋਰੀਅਲ ਫਾਊਾਡੇਸ਼ਨ ਵਲੋਂ ਆਯੋਜਿਤ 17ਵੇਂ ਕੌਮਾਂਤਰੀ ਸੱਭਿਆਚਾਰਕ ਮੇਲੇ ਦੌਰਾਨ ਵਿਭਿੰਨ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੂੰ ਉਚੇਰੀ ਸਿੱਖਿਆ ਦੇ ਖੇਤਰ 'ਚ ਵਿਸ਼ੇਸ਼ ਯੋਗਦਾਨ ਲਈ 'ਡਾ. ਮਹਿੰਦਰ ਸਿੰਘ ਰੰਧਾਵਾ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਪੰਜਾਬ ਅਤੇੇ ਪੰਜਾਬੀ ਭਾਸ਼ਾ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ | ਫਾਊਾਡੇਸ਼ਨ ਵਲੋਂ ਡਾ. ਕਰਮਜੀਤ ਸਿੰਘ ਦੀਆਂ ਉਨ੍ਹਾਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਗਈ ਜਿਨ੍ਹਾਂ ਰਾਹੀਂ ਦਿਹਾਤੀ ਅਤੇ ਸਰਹੱਦੀ ਇਲਾਕਿਆਂ ਦੇ ਵਿਦਿਆਰਥੀਆਂ ਲਈ ਕੀਤੇ ਜਾ ਰਹੇ ਅਹਿਮ ਕਾਰਜਾਂ ਅਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹੋਰ ਸੁਵਿਧਾਵਾਂ ਨੂੰ ਧਿਆਨ 'ਚ ਰੱਖਿਆ ਗਿਆ | ਉਨ੍ਹਾਂ ਦੀ ਅਗਵਾਈ ਹੇਠ ਉਚੇਰੀ ਸਿੱਖਿਆ ਨੂੰ ਆਮ ਘਰਾਂ ਤੱਕ ਪਹੁੰਚਾਉਣ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣ ਅਤੇ ਪਿੰਡ ਪੱਧਰ ਦੇ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਲਈ ਕੀਤੀਆਂ ਪਹਿਲਕਦਮੀਆਂ ਨੂੰ ਵਿਸ਼ੇਸ਼ ਤੌਰ 'ਤੇ ਉਜਾਗਰ ਕੀਤਾ ਗਿਆ | ਉਪ ਕੁਲਪਤੀ ਦਾ ਇਹ ਸਨਮਾਨ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪ੍ਰਸਿੱਧ ਸਮਾਜ ਸੇਵੀ ਐੱਸ.ਪੀ. ਸਿੰਘ ਓਬਰਾਏ ਵਲੋਂ ਕੀਤਾ ਗਿਆ | ਪੁਰਸਕਾਰ ਵਿਚ ਯਾਦਗਾਰੀ ਚਿੰਨ੍ਹ, ਕਿਤਾਬਾਂ ਅਤੇ ਸ਼ਾਲ ਆਦਿ ਸ਼ਾਮਲ ਸਨ | ਇਸ ਸਬੰਧੀ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਲੋਕ ਮੇਲਿਆਂ ਦੀ ਜੋ ਮਹੱਤਤਾ ਪੰਜਾਬੀ ਸੱਭਿਆਚਾਰ ਵਿਚ ਹੈ, ਉਸਦਾ ਕੋਈ ਬਦਲ ਨਹੀਂ ਹੈ | ਇਹ ਮੇਲੇ ਸਿਰਫ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਮਾਜਕ ਚੇਤਨਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਮੰਚ ਵੀ ਹਨ |