ਮਾਨਾਂਵਾਲਾ, 8 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ.ਟੀ. ਰੋਡ 'ਤੇ ਕਸਬਾ ਦਬੁਰਜੀ ਵਿਖੇ 26 ਅਕਤੂਬਰ 2024 ਨੂੰ ਚਾਲੂ ਕੀਤਾ ਗਿਆ ਫਲਾਈਓਵਰ ਕੁਝ ਹੀ ਮਹੀਨਿਆਂ 'ਚ ਧਸਣਾ ਸ਼ੁਰੂ ਹੋ ਗਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ਫਲਾਈਓਵਰ ਨੂੰ ਬਣਾਉਣ ਸਮੇਂ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਅਤੇ ਇਹ ਸਭ ਲਈ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਫਲਾਈਓਵਰ ਬਣਾਉਣ ਵਾਲੀ ਕੰਪਨੀ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ¢ ਇਹ ਪ੍ਰਗਟਾਵਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੇ ਅੱਜ ਦੋਬੁਰਜੀ ਦੇ ਫਲਾਈਓਵਰ ਦੀ ਖਸਤਾ ਹਾਲਤ ਦਾ ਜਾਇਜ਼ਾ ਲੈਣ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਕਰੋੜਾਂ ਦੀ ਲਾਗਤ ਨਾਲ ਬਣੇ ਫਲਾਈਓਵਰ ਵਿਚ ਸਿਰਫ ਡੇਢ ਕੁ ਸਾਲ ਦੇ ਅਰਸੇ ਵਿਚ ਵੱਡੇ-ਵੱਡੇ ਟੋਏ ਪੈਣੇ ਸਿੱਧੇ ਤੌਰ 'ਤੇ ਘਟੀਆ ਨਿਰਮਾਣ ਅਤੇ ਅਧਿਕਾਰੀਆਂ ਦੀ ਅਣਗਹਿਲੀ ਦਾ ਸਬੂਤ ਹੈ ਅਤੇ ਦੂਸਰਾ ਇਹ ਫਲਾਈਓਵਰ ਕਿਸੇ ਵੀ ਸਮੇਂ ਹਜ਼ਾਰਾਂ ਜ਼ਿੰਦਗੀਆਂ ਨੂੰ ਖ਼ਤਰੇ ਵਿਚ ਪਾ ਸਕਦਾ ਹੈ | ਉਨ੍ਹਾਂ ਕਿਹਾ ਕਿ ਮਿੱਥੇ ਸਮੇਂ ਤੋਂ ਕਾਫੀ ਪੱਛੜ ਕੇ ਬਣਿਆ ਫਲਾਈਓਵਰ ਬਣਾਉਣ ਸਮੇਂ ਕਈ ਸਾਲ ਲੱਗ ਗਏ ਤੇ ਜਦੋਂ ਇਹ ਫਲਾਈਓਵਰ ਆਮ ਲੋਕਾਂ ਖਾਸਕਰ ਗੁਰੂ ਨਗਰੀ ਅੰਮਿ੍ਤਸਰ ਆਉਂਦੇ ਸ਼ਰਧਾਲੂਆਂ ਤੇ ਹਵਾਈ ਅੱਡਾ ਰਾਜਾਸਾਂਸੀ ਨੂੰ ਜਾਣ ਵਾਲੇ ਯਾਤਰੂਆਂ ਲਈ ਖੋਲਿਆ ਗਿਆ ਤਾਂ ਥੋੜ੍ਹੇ ਹੀ ਸਮੇਂ ਬਾਅਦ ਇਹ ਫਲਾਈਓਵਰ ਦੀ ਪ੍ਰੀਮਿਕਸ ਉਖੜਣਾ, ਖੱਡੇ ਪੈਣਾ, ਸੜਕ ਦਾ ਲੈਵਲ ਇਕਸਾਰ ਨਾ ਹੋਣ ਕਈ ਸਵਾਲ ਪੈਦਾ ਕਰਦਾ ਹੈ | ਸ੍ਰੀ ਬੱਸੀ ਨੇ ਕਿਹਾ ਕਿ ਫਲਾਈਓਵਰ ਦੇ ਨਾਲ ਬਣੀਆਂ ਸਰਵਿਸ ਸੜਕਾਂ ਦੀ ਬਦਹਾਲੀ ਤੇ ਉਥੇ ਜਮ੍ਹਾਂ ਰਹਿੰਦੇ ਗੰਦੇ ਪਾਣੀ ਨੇ ਸਥਾਨਕ ਲੋਕਾਂ ਦਾ ਜਿਉਣਾ ਬਦਤਰ ਹੋਇਆ ਪਿਆ ਹੈ | ਉਨ੍ਹਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਫਲਾਈਓਵਰ ਦੇ ਘਟੀਆ ਨਿਰਮਾਣ ਲਈ ਜ਼ਿੰਮੇਵਾਰ ਠੇਕੇਦਾਰਾਂ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ | ਇਸ ਮੌਕੇ ਕੇਵਲ ਸਿੰਘ ਖਾਲਸਾ, ਪਰਮਜੀਤ ਸਿੰਘ, ਸੋਨੀ ਪ੍ਰਧਾਨ, ਭੁੱਲਾ ਫੌਜੀ, ਵਿੱਕੀ ਲਖਵਿੰਦਰ ਸਿੰਘ, ਹਰਜਿੰਦਰ ਸਿੰਘ, ਮੋਨੂੰ ਆਦਿ ਹਾਜ਼ਰ ਸਨ |