ਚੋਗਾਵਾਂ, 17 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਗੁਆਂਢੀ ਮੁਲਕ ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ, ਡਰੋਨਾਂ ਰਾਹੀਂ ਅਸਲਾ ਭੇਜ ਕੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ | ਪਰ ਫੌਜ ਦੇ ਜਵਾਨ ਤੇ ਅੰਮਿ੍ਤਸਰ ਦਿਹਾਤੀ ਪੁਲਿਸ ਵੱਲੋਂ ਸਰਹੱਦ ਤੇ ਬਾਜ ਅੱਖ ਰੱਖ ਕੇ ਪਾਕਿਸਤਾਨ ਦੀਆਂ ਕੋਝੀਆਂ ਹਰਕਤਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ | ਬੀ.ਓ.ਪੀ. ਰਾਣੀਆਂ ਦੇ ਜਵਾਨਾਂ ਵੱਲੋਂ ਸਰਹੱਦੀ ਪਿੰਡ ਰਾਣੀਆਂ ਤੋਂ ਇੱਕ ਪਾਕਿਸਤਾਨੀ ਡਰੋਨ, ਹੈਰੋਇਨ ਅਤੇ ਪਿੰਡ ਲੋਧੀ ਗੁੱਜਰ ਅਤੇ ਮੂਲੇਕੋਟ ਤੋਂ 2 ਪਿਸਟਲ ਬਰਾਮਦ ਕਰਨ ਦੀ ਖਬਰ ਹੈ | ਜਾਣਕਾਰੀ ਅਨੁਸਾਰ ਸਰਹੱਦੀ ਪਿੰਡ ਰਾਣੀਆਂ ਵਿਖੇ ਕਿਸਾਨ ਵੱਲੋਂ ਦਿੱਤੀ ਸੂਚਨਾ ਦੇ ਅਧਾਰ ਤੇ ਖੇਤਾਂ ਵਿੱਚੋਂ ਇੱਕ ਛੋਟਾ ਡਰੋਨ, 2ਕਿਲੋ 290 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸੇ ਤਰ੍ਹਾਂ ਹੀ ਸਰਹੱਦੀ ਬੀਓਪੀ ਮੂਲੇਕੋਟ ਅਤੇ ਪਿੰਡ ਲੋਧੀ ਗੁੱਜਰ ਦੇ ਖੇਤਾਂ ਵਿੱਚੋਂ 2 ਪਿਸਟਲ ਬਰਾਮਦ ਹੋਏ | ਬੀਐਸਐਫ ਅਤੇ ਥਾਣਾ ਲੋਪੋਕੇ ਦੀ ਪੁਲਿਸ ਵੱਲੋਂ ਡਰੋਨ, ਹੈਰੋਇਨ ਤੇ ਪਿਸਟਲਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ | ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਐਨ.ਡੀ.ਪੀ.ਐਸ, ਅਸਲਾ ਅਤੇ ਏਅਰ ਕਰਾਫਟ ਧਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ |