ਮੱਤੇਵਾਲ, 25 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)-ਅੰਮਿ੍ਤਸਰ ਮਹਿਤਾ ਰੋਡ ਤੇ ਪਿੰਡ ਘਨਸ਼ਾਮਪੁਰ ਅਤੇ ਤਨੇਲ ਵਿਚਕਾਰ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਵਾਲੀ ਥਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਹਿਤਾ ਦੀ ਤਰਫ਼ੋਂ ਆ ਰਹੀ ਇਕ ਕਾਲੇ ਰੰਗ ਦੀ ਹੰਡੂਈ ਕਰੇਟਾ ਕਾਰ ਪੀ.ਬੀ. 10 ਜੇ.ਸੀ. 2009 ਅਤੇ ਇਕ ਐਕਟਿਵਾ ਵਿਚ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਐਕਟਿਵਾ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਜਿਸ ਦੀ ਪਹਿਚਾਣ ਰੇਸ਼ਮ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਬਲੜ੍ਹਵਾਲ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ | ਸ਼ਾਮ ਕਰੀਬ 5.30 ਤੇ ਇਹ ਟੱਕਰ ਇੰਨੀ ਭਿਆਨਕ ਸੀ ਕਿ ਐਕਟਿਵਾ ਪਿਛੇ ਬੈਠੀਆਂ ਦੋ ਔਰਤਾਂ ਵਿਚ ਇਕ ਦੀ ਬਾਂਹ ਸਰੀਰ ਤੋਂ ਅਲੱਗ ਹੋ ਗਈ ਅਤੇ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਅਤੇ ਥਾਣਾ ਮਹਿਤਾ ਦੀ ਪੁਲਿਸ ਵਲੋਂ ਜ਼ਖ਼ਮੀ ਔਰਤਾਂ ਨੂੰ ਬਟਾਲਾ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ |