ਜ਼ਿਲ੍ਹੇ ਭਰ 'ਚ ਵੱਖ-ਵੱਖ ਥਾਈਂ ਮਜ਼ਦੂਰ ਦਿਵਸ ਮਨਾਇਆ
ਅਜੀਤ ਡੈਸਕ
02-05-2026
ਰੋਡਵੇਜ਼ ਡਿਪੂ ਦੇ ਬੂਹੇ ਅੱਗੇ ਟਰਾਂਸਪੋਰਟ ਵਿਭਾਗ ਦੇ ਨਿੱਜੀ ਕਾਮਿਆਂ ਨੇ ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ
ਅੱਜ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਪੰਜਾਬ ਰੋਡਵੇਜ਼ ਪਨਬਸ/ਪੀ.ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਡਿਪੂਆਂ ਦੇ ਗੇਟਾਂ 'ਤੇ ਝੰਡਾ ਲਹਿਰਾਇਆ ਗਿਆ ਤੇ ਗੇਟ ਰੈਲੀਆਂ ਕੀਤੀਆਂ ਗਈਆਂ ਅੰਮਿ੍ਤਸਰ ਡਿਪੂ ਦੇ ਗੇਟ ਤੇ ਰੈਲੀ ਨੂੰ ਸੰਬੋਧਨ ਕਰਦਿਆਂ ਬਲਜੀਤ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ ਜੋਧ ਸਿੰਘ ਸੂਬਾ ਜੁਆਇੰਟ ਸਕੱਤਰ ਨੇ ਕਿਹਾ ਕਿ ਮੌਜੂਦਾ ਹਲਾਤਾਂ ਵਿਚ ਕੇਂਦਰ ਸਰਕਾਰ ਲੇਬਰ ਕੋਡ ਵਿਚ ਸੋਧ ਦੇ ਨਾਮ ਤੇ ਸਾਰੇ ਹੱਕ ਖੋਹਣ ਤੇ ਲੱਗੀ ਹੈ ਦੂਸਰੇ ਪਾਸੇ ਸੂਬਾ ਸਰਕਾਰ ਵੀ ਪਿੱਛੇ ਨਹੀਂ ਰਹੀ ਕਿਉਂਕਿ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੀ ਹਮਾਇਤ ਦੇ ਵਾਅਦੇ ਕਰਕੇ ਸੂਬੇ ਦੀ ਸੱਤਾ ਤੇ ਕਾਬਜ਼ ਹੋਈ ਆਪ ਸਰਕਾਰ ਹੁਣ ਕਾਰਪੋਰੇਟ ਘਰਾਣਿਆਂ ਦੀ ਅਤੇ ਖਾਸ ਲੋਕਾਂ ਦੀ ਸਰਕਾਰ ਬਣ ਚੁੱਕੀ ਹੈ, ਜਿਸ ਦਾ ਨਮੂਨਾ ਟਰਾਂਸਪੋਰਟ ਵਿਭਾਗ ਵਿਚ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਸਕੀਮ ਬੱਸਾਂ ਰਾਹੀਂ ਖ਼ਜ਼ਾਨੇ ਦੀ ਕਰੋੜਾਂ ਰੁਪਏ ਲੁੱਟ ਨੂੰ ਖੁੱਲ੍ਹ ਦੇਣ ਲਈ ਮੁਲਾਜ਼ਮਾਂ ਉਪਰ 307 ਦੇ ਪਰਚੇ ਦਰਜ ਕਰਕੇ 5 ਮਹੀਨਿਆਂ ਤੋਂ ਸੰਗਰੂਰ ਜੇਲ੍ਹ ਵਿਚ ਬੰਦ ਕਰਨਾ ਇਹ ਸਾਬਿਤ ਕਰਦਾ ਹੈ ਕਿ ਆਪਣੇ ਚਹੇਤਿਆਂ ਦੇ ਘਰ ਭਰਨ ਲਈ ਮਜ਼ਦੂਰ ਮੁਲਾਜ਼ਮ ਕਿਸਾਨ ਜਥੇਬੰਦੀਆਂ ਅਤੇ ਪੱਤਰਕਾਰ ਭਾਈਚਾਰੇ ਦੀ ਪੁਲੀਸ ਤੰਤਰ ਨਾਲ ਡੰਡੇ ਦੇ ਜ਼ੋਰ ਨਾਲ ਪਰਚੇ ਦਰਜ ਕਰਕੇ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ | ਸਰਕਾਰ ਖਿਲਾਫ ਮੁਹਿੰਮ ਦੀ ਸ਼ੁਰੂਆਤ ਅੱਜ 1 ਮਈ ਤੋਂ ਕੀਤੀ ਗਈ ਹੈ ਜਿਸ ਤਹਿਤ ਵੱਖ-ਵੱਖ ਸ਼ਹਿਰਾਂ ਵਿਚ ਬੱਸ ਸਟੈਂਡਾਂ ਵਿਚ ਸਰਕਾਰ ਦੇ ਇਸ ਚਿਹਰੇ ਨੂੰ ਨੰਗਾ ਕਰਨ ਲਈ ਭੰਡੀ ਪ੍ਰਚਾਰ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਮੌਕੇ ਡਿਪੂ ਪ੍ਰਧਾਨ ਹੀਰਾ ਸਿੰਘ ਸਿੰਘ, ਪ੍ਰਧਾਨ ਕੇਵਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿਚ ਇਕ ਵੀ ਸਰਕਾਰੀ ਬੱਸ ਨਹੀਂ ਪਾਈ ਪੁਰਾਣੀਆਂ ਮੌਜੂਦਾ ਬੱਸਾਂ ਵਿਚੋਂ ਲਗਪਗ 200 ਬੱਸਾਂ ਨੂੰ ਟਾਇਰ ਤੇ ਹੋਰ ਸਪੇਅਰ ਪਾਰਟ ਦੀ ਘਾਟ ਤੋਂ ਡਿਪੂਆਂ ਦਾ ਸ਼ਿੰਗਾਰ ਬਣਾ ਕੇ ਖੜੀਆਂ ਕੀਤੀਆਂ ਗਈਆਂ ਹਨ | ਦੂਸਰੇ ਪਾਸੇ ਆਪਣੇ ਚਹੇਤਿਆਂ ਦੀਆਂ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਪ੍ਰਤੀ ਸਧਾਰਨ ਇੱਕ ਬੱਸ ਰਾਹੀਂ 1 ਕਰੋੜ 50 ਲੱਖ ਰੁਪਏ ਦੀ ਲੁੱਟ ਭਾਵ 4-5 ਬੱਸਾਂ ਦੇ ਪੈਸੇ 5 ਸਾਲਾਂ ਵਿਚ ਸਰਕਾਰੀ ਖਜ਼ਾਨੇ ਦੀ ਲੁੱਟ ਕੀਤੀ ਜਾ ਰਹੀ ਹੈ | ਜਰਨਲ ਸਕੱਤਰ ਜੁਗਰਾਜ ਸਿੰਘ, ਸੁਖਦੇਵ ਸਿੰਘ ਕੈਸ਼ੀਅਰ ਪ੍ਰੇਮ ਸਿੰਘ, ਕੁਲਜੀਤ ਸਿੰਘ, ਮੀਤ ਪ੍ਰਧਾਨ ਪਰਮਿੰਦਰ ਸਿੰਘ ਦੱਸਿਆ ਕਿ ਠੇਕੇਦਾਰ ਵਿਚੋਲੀਏ ਪਨਬੱਸ ਪੀ. ਆਰ. ਟੀ. ਸੀ ਦੇ ਕੱਚੇ ਮੁਲਾਜ਼ਮਾਂ ਦੀ ਲੁੱਟ ਕਰ ਰਹੇ ਹਨ | ਹੁਣ ਉਲੀਕੇ ਪ੍ਰੋਗਰਾਮ ਅਨੁਸਾਰ 10 ਮਈ ਨੂੰ ਟਰਾਂਸਪੋਰਟ ਮੰਤਰੀ ਦੇ ਹਲਕੇ ਵਿਚ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ | 18 ਮਈ ਨੂੰ ਇੱਕ ਰੋਜ਼ਾ ਹੜਤਾਲ ਕਰਕੇ ਸਮੂੰਹ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤੇ ਜਾਣਗੇ ਅਤੇ ਫੇਰ 25-26-27 ਮਈ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ |
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਝੰਡਾ ਚੜਾਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਅੰਮਿ੍ਤਸਰ, (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਜ਼ਿਲ੍ਹਾ ਇਕਾਈ ਅੰਮਿ੍ਤਸਰ ਵਲੋਂ ਕੰਪਨੀ ਬਾਗ ਵਿਖੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸ਼ਹੀਦਾਂ ਦੀ ਯਾਦ ਵਿਚ ਝੰਡਾ ਚੜਾ ਕੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ | ਇਸ ਮੌਕੇ ਜ਼ਿਲ੍ਹਾ ਕਨਵੀਨਰ ਗੁਰਦੀਪ ਸਿੰਘ ਬਾਜਵਾ, ਅਸ਼ਵਨੀ ਅਵਸਥੀ, ਸੁਖਦੇਵ ਸਿੰਘ ਪੰਨੂ, ਜੋਗਿੰਦਰ ਸਿੰਘ, ਸੁਖਦੇਵ ਰਾਜ ਕਾਲੀਆ, ਮਨਜੀਤ ਸਿੰਘ ਬਾਸਰਕੇ, ਨਰਿੰਦਰ ਸਿੰਘ ਬੱਲ, ਹੀਰਾ ਸਿੰਘ ਭੱਟੀ, ਸੁਖਰਾਜ ਸਿੰਘ ਸਰਕਾਰੀਆ, ਅਮਨ ਸ਼ਰਮਾ, ਸੁੱਚਾ ਸਿੰਘ ਟਰਪਈ, ਮੇਲਾ ਰਾਮ ਅਤੇ ਬੋਬਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਸਾਡੇ ਸ਼ਹੀਦਾਂ ਨੇ ਆਪਣੇ ਖੂਨ ਨਾਲ ਸਾਨੂੰ ਹੱਕ ਲੈ ਕੇ ਦਿੱਤੇ ਸਨ, ਮੌਜੂਦਾ ਸਰਕਾਰਾਂ ਉਨ੍ਹਾਂ ਹੱਕਾਂ 'ਤੇ ਡਾਕਾ ਮਾਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਦੀਆਂ ਸਰਕਾਰਾਂ ਪੂੰਜੀਪਤੀਆਂ ਦੀਆਂ ਹੱਥ ਠੋਕਾ ਬਣ ਕੇ ਰਹਿ ਗਈਆਂ ਹਨ, ਜਿਨ੍ਹਾਂ ਦੇ ਰਾਜ 'ਚ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ | ਇਸ ਮੌਕੇ ਨਰਿੰਦਰ ਪ੍ਰਧਾਨ, ਗੁਰਵਿੰਦਰ ਸਿੰਘ ਖਹਿਰਾ, ਚਰਨ ਸਿੰਘ ਸੰਧੂ, ਸਵਿੰਦਰ ਸਿੰਘ ਭੱਟੀ, ਕਰਤਾਰ ਸਿੰਘ ਐੱਮ. ਏ., ਹਰਵਿੰਦਰ ਸਿੰਘ ਸੁਲਤਾਨਵਿੰਡ, ਅਮਰਜੀਤ ਵੇਰਕਾ, ਕੁਲਦੀਪ ਕੁਮਾਰ, ਨਰਿੰਦਰ ਸ਼ਰਮਾ, ਪ੍ਰੇਮ ਚੰਦ ਅਜ਼ਾਦ, ਕਰਮਜੀਤ ਕੇਪੀ, ਦਵਿੰਦਰ ਸਿੰਘ, ਲਖਵਿੰਦਰ ਸਿੰਘ, ਅਮਰੀਕ ਸਿੰਘ ਲੁਹਾਰਕਾ, ਸਵਿੰਦਰ ਸਿੰਘ ਚਾਚਾ, ਮਨਜੀਤ ਸਿੰਘ ਸ਼ਾਹ, ਜੋਗਿੰਦਰ ਸਿੰਘ, ਹਰਮਨਦੀਪ ਭੰਗਾਲੀ, ਹਰਮਹਿੰਦਰ ਸਿੰਘ ਤੇ ਮਦਨ ਲਾਲ ਆਦਿ ਮੌਜੂਦ ਸਨ |
ਭਾਰਤੀ ਕਮਿਉਨਿਸਟ ਪਾਰਟੀ ਸ਼ਹਿਰੀ ਤੇ ਟੈਕਸਟਾਈਲ ਏਕਤਾ ਮਜ਼ਦੂਰ ਯੂਨੀਅਨ ਨੇ ਮਜ਼ਦੂਰ ਦਿਵਸ ਮਨਾਇਆ
ਅੰਮਿ੍ਤਸਰ, (ਰੇਸ਼ਮ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਸ਼ਹਿਰੀ ਅਤੇ ਟੈਕਸਟਾਈਲ ਏਕਤਾ ਮਜ਼ਦੂਰ ਯੂਨੀਅਨ (ਏਟਕ) ਵਲੋਂ 1 ਮਈ 1886 ਨੂੰ ਸ਼ਹੀਦ ਹੋਏ ਮਜਦੂਰ ਸਾਥੀਆਂ ਦੀ ਯਾਦ ਵਿਚ ਕਾ. ਸਤਪਾਲ ਡਾਂਗ ਸਾਬਕਾ ਵਿਧਾਇਕ ਯਾਦਗਾਰੀ ਭਵਨ ਵਿਖੇ ਸਮਾਗਮ ਕੀਤਾ ਗਿਆ, ਜਿੱਥੇ ਮਜ਼ਦੂਰ ਆਗੂ ਸੁਖਵੰਤ ਸਿੰਘ ਛੇਹਰਟਾ ਨੇ ਝੰਡਾ ਲਹਿਰਾਇਆ ਤੇ ਸ਼ਹੀਦ ਹੋਏ ਮਜਦੂਰਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ | ਇਸ ਸਮੇਂ ਇਕੱਤਰ ਹੋਏ ਵੱਡੀ ਗਿਣਤੀ ਵਿਚ ਮਜ਼ਦੂਰਾਂ, ਮੁਲਾਜਮਾਂ, ਕਿਸਾਨਾਂ ਅਤੇ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਉੱਘੇ ਟਰੇਡ ਯੂਨੀਅਨ ਆਗੂ ਕਾ: ਅਮਰਜੀਤ ਸਿੰਘ ਆਸਲ, ਬੀਬੀ ਦਸਵਿੰਦਰ ਕੌਰ, ਕੁਲਵੰਤ ਬਾਵਾ, ਵਿਜੇ ਕਪੂਰ, ਲਖਬੀਰ ਸਿੰਘ ਨਿਜਾਮਪੁਰਾ ਨੇ ਅੱਜ ਦੇ ਦਿਨ ਦੀ ਮਹੱਤਤਾ 'ਤੇ ਚਾਨਣਾ ਪਾਇਆ | ਇਸ ਸਮੇਂ ਕਾ: ਬ੍ਰਹੱਮਦੇਵ ਸ਼ਰਮਾ, ਰਜੇਸ਼ ਸ਼ਰਮਾ, ਸਮਸ਼ੇਰ ਨਾਥ, ਬਲਦੇਵ ਸਿੰਘ ਵੇਰਕਾ, ਰਜੇਸ਼ ਯਾਦਵ, ਮੋਹਣ ਲਾਲ, ਰਾਕੇਸ਼ ਹਾਂਡਾ, ਗਿਆਨੀ ਗੁਰਦੀਪ ਸਿੰਘ, ਮੰਗਲ ਸਿੰਘ ਖਜਾਲਾ, ਜੋਗਿੰਦਰ ਸਿੰਘ, ਇਕਬਾਲ ਸਿੰਘ ਬਿਜਲੀ ਪੈਨਸ਼ਨਰ ਯੂਨੀਅਨ ਆਦਿ ਹਾਜ਼ਰ ਸਨ |
ਸੀ.ਟੀ.ਯੂ. ਵਲੋਂ ਐਲਬਰਟ ਰੋਡ ਵਿਖੇ ਲਾਲ ਝੰਡਾ ਲਹਿਰਾਇਆ
ਅੰਮਿ੍ਤਸਰ, (ਰੇਸ਼ਮ ਸਿੰਘ)-ਸੀ. ਟੀ. ਯੂ. (ਪੰਜਾਬ) ਵਲੋਂੋ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ 140ਵੇਂ ਸ਼ਹੀਦੀ ਸਮਾਗਮ 'ਤੇ ਐੱਨ. ਆਰ. ਸੀ. ਦੇ ਪ੍ਰਧਾਨ ਸਰਵਣ ਕੁਮਾਰ ਵਲੋਂ ਜਥੇਬੰਦੀ ਦੇ ਦਫਤਰ ਐਲਬਰਟ ਰੋਡ ਵਿਖੇ ਲਾਲ ਝੰਡਾ ਫਹਿਰਾਇਆ ਗਿਆ | ਇਸ ਮੌਕੇ ਵੱਡੀ ਤਾਦਾਦ 'ਚ ਜੁੜੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਾ: ਜਗਤਾਰ ਸਿੰਘ ਕਰਮਪੁਰਾ, ਕਰਤਾਰ ਸਿੰਘ ਐੱਮ. ਏ. ਗੁਰਮੀਤ ਮਾਨ ਨੇ ਕਿਹਾ ਕੇ ਇਸ ਵੱਧ ਰਹੀ ਮਹਿੰਗਾਈ ਦੇ ਯੁੱਗ ਵਿਚ ਕੇਂਦਰ ਤੇ ਸੂਬਾ ਸਰਕਾਰ ਦੀਆਂ ਨਿਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੇ ਚੋਖਟੇ ਵਾਲੀਆਂ ਉਦਾਰਵਾਦੀ ਨੀਤੀਆਂ ਸਦਕਾ ਅਮੀਰੀ ਗਰੀਬੀ ਦਾ ਪਾੜਾ ਵਧਦਾ ਜਾ ਰਿਹਾ ਹੈ |
ਉਨ੍ਹਾਂ ਦੋਸ਼ ਲਾਇਆ ਕਿ ਵੱਡੇ ਧਨਾਢ ਪਰਿਵਾਰਾਂ ਅੱਡਾਨੀ ਅੰਬਾਨੀ ਦੇ ਧਨ ਵਿਚ ਅਥਾਹ ਵਾਧਾ ਹੋਇਆ ਹੈ | ਉਕਤ ਆਗੂਆਂ ਨੇ ਆਪਣੀ ਗਲ ਅੱਗੇ ਤੋਰਦਿਆਂ ਕਿਹਾ ਕਿ ਈਰਾਨ ਅਮਰੀਕਾ ਦੀ ਜੰਗ ਕਰਕੇ ਵੀ ਮਿਹਨਤਕਸ਼ ਲੋਕਾਂ ਨੂੰ ਮਹਿੰਗਾਈ ਨੇ ਅਥਾਹ ਪ੍ਰੇਸ਼ਾਨ ਕੀਤਾ ਹੈ | ਗੈਸ ਸਿਲੰਡਰ ਬਲੈਕ ਵਿਚ ਵਿਕ ਰਹੇ ਹਨ | ਉਕਤ ਆਗੂਆਂ ਨੇ ਕਿਹਾ ਕੇ ਮਜ਼ਦੂਰ ਦੀ ਘੱਟੋ ਘੱਟ ਤਨਖਾਹ 26 ਹਜ਼ਾਰ ਰੁਪਏ ਕਰਨ, ਠੇਕੇਦਾਰ ਸਿਸਟਮ ਬੰਦ ਕਰਵਾਉਣ ਤੇ ਹੋਰ ਮੰਗਾਂ ਦੀ ਪ੍ਰਾਪਤੀ ਵਾਸਤੇ, 4 ਲੇਬਰ ਕੋਡ ਰੱਦ ਕਰਵਾਉਣ ਤੇ ਪਹਿਲੇ ਲੇਬਰ ਕਾਨੂੰਨ ਬਹਾਲ ਕਰਵਾਉਣ ਵਾਸਤੇ ਆਪਣੀ ਜਥੇਬੰਦੀ ਮਜਬੂਤ ਕਰਕੇ ਸਾਨੂੰ ਆਪਣਾ ਸੰਘਰਸ਼ ਤੇਜ਼ ਕਰਨਾ ਚਾਹੀਦਾ ਹੈ | ਇਕ ਮਤਾ ਪਾਸ ਕਰਕੇ ਨੋਇਡਾ, ਮਾਏਨੇਸਰ, ਗੂਰੁ ਗ੍ਰਾਮ ਦੇ ਮਜ਼ਦੂਰਾਂ ਉਪਰ ਕੀਤੇ ਗਏ ਸਰਕਾਰੀ ਜਬਰ ਦੀ ਨਿਖੇਧੀ ਕੀਤੀ ਗਈ ਅਤੇ ਮਜ਼ਦੂਰਾਂ ਦੇ ਇਸ ਸ਼ਾਨਾਮਤੀ ਘੋਲ ਦੀ ਹਮਾਇਤ ਕੀਤੀ ਗਈ |
ਐੱਨ.ਆਰ.ਐੱਮ.ਯੂ. ਅੰਮਿ੍ਤਸਰ ਵਰਕਸ਼ਾਪ ਸ਼ਾਖਾ ਨੇ ਮਜ਼ਦੂਰ ਦਿਵਸ ਮਨਾਇਆ
ਅੰਮਿ੍ਤਸਰ, (ਰਾਜੇਸ਼ ਕੁਮਾਰ ਸ਼ਰਮਾ)-ਐੱਨ. ਆਰ. ਐੱਮ. ਯੂ. ਅੰਮਿ੍ਤਸਰ ਵਰਕਸ਼ਾਪ ਸ਼ਾਖਾ ਨੇ ਮਜ਼ਦੂਰ ਦਿਵਸ ਦੇ ਮੌਕੇ 'ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਪੋ੍ਰਗਰਾਮ ਦੀ ਸ਼ੁਰੂਆਤ ਸ਼ਾਖਾ ਸਕੱਤਰ ਰਾਜੀਵ ਕੁਮਾਰ ਸ਼ਰਮਾ ਅਤੇ ਸ਼ਾਖਾ ਪ੍ਰਧਾਨ ਕੁਲਬੀਰ ਸਿੰਘ ਵਲੋਂ ਝੰਡਾ ਲਹਿਰਾਉਣ ਨਾਲ ਹੋਈ | ਇਸ ਮੌਕੇ ਸਕੱਤਰ ਰਾਜੀਵ ਕੁਮਾਰ ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮਜ਼ਦੂਰ ਦਿਵਸ ਉਨ੍ਹਾਂ ਮਿਹਨਤੀ ਲੋਕਾਂ ਦਾ ਦਿਨ ਹੈ, ਜਿਨ੍ਹਾਂ ਨੇ ਆਪਣੇ ਖੂਨ ਅਤੇ ਪਸੀਨੇ ਨਾਲ ਦੇਸ਼ ਅਤੇ ਦੁਨੀਆ ਦੇ ਵਿਕਾਸ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਜ਼ਦੂਰ ਕਿਸੇ ਵੀ ਦੇਸ਼, ਸਮਾਜ, ਸੰਗਠਨ ਅਤੇ ਉਦਯੋਗ ਦੇ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਤੇ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਕਾਰਨ ਹੀ ਅੱਜ ਦੁਨੀਆ ਭਰ ਦੇ ਵੱਖ-ਵੱਖ ਦੇਸ਼ ਤਰੱਕੀ ਕਰ ਰਹੇ ਹਨ | ਉਨ੍ਹਾਂ ਸਾਰੇ ਸਾਥੀਆਂ ਨੂੰ ਇਕਜੁੱਟ ਰਹਿਣ ਅਤੇ ਸੰਘਰਸ਼ ਨੂੰ ਮਜਬੂਤ ??ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਮਜ਼ਦੂਰ ਦਿਵਸ ਸਿਰਫ਼ ਜਸ਼ਨ ਦਾ ਦਿਨ ਨਹੀਂ ਹੈ, ਸਗੋਂ ਸੰਘਰਸ਼, ਏਕਤਾ ਅਤੇ ਅਧਿਕਾਰਾਂ ਦੀ ਰਾਖੀ ਦੇ ਸੰਕਲਪ ਦਾ ਦਿਨ ਹੈ | ਪ੍ਰਧਾਨ ਕੁਲਬੀਰ ਸਿੰਘ ਨੇ ਮਜ਼ਦੂਰ ਦਿਵਸ ਦੇ ਇਤਿਹਾਸ 'ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ 1 ਮਈ, 1886 ਨੂੰ ਸੰਯੁਕਤ ਰਾਜ ਅਮਰੀਕਾ 'ਚ ਅੱਠ ਘੰਟੇ ਕੰਮ ਦਿਨ ਦੀ ਮੰਗ ਕਰਨ ਵਾਲੀ ਇਕ ਲਹਿਰ ਨਾਲ ਸ਼ੁਰੂ ਹੋਇਆ ਸੀ | ਸ਼ਿਕਾਗੋ 'ਚ ਇਸ ਅੰਦੋਲਨ ਦÏਰਾਨ ਪੁਲਿਸ ਗੋਲੀਬਾਰੀ 'ਚ ਬਹੁਤ ਸਾਰੇ ਮਜ਼ਦੂਰ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦੀ ਯਾਦ 'ਚ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ |
ਲੋਕ ਭਲਾਈ ਮੰਚ ਪੰਜਾਬ ਵਲੋਂ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ
ਅੰਮਿ੍ਤਸਰ, (ਸੁਰਿੰਦਰਪਾਲ ਸਿੰਘ ਵਰਪਾਲ)-ਲੋਕ ਭਲਾਈ ਮੰਚ ਪੰਜਾਬ ਵਲੋਂ ਐੱਸ. ਸੀ. ਧਰਮਸ਼ਾਲਾ, ਲਾਗੇ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਪੁਰਾ ਵਿਖੇ ਕਿਸ਼ਨ ਲਾਲ, ਵਰਿਆਮ ਚੰਦ, ਬਲਬੀਰ ਸਿੰਘ ਝਾਮਕਾ, ਅਸ਼ਵਨੀ ਕੁਮਾਰ ਅਤੇ ਤੀਰਥ ਰਾਮ ਦੀ ਅਗਵਾਈ ਹੇਠ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਦੌਰਾਨ ਲਾਲ ਝੰਡਾ ਲਹਿਰਾਇਆ ਅਤੇ ਨਾਅਰੇ ਲਾ ਕੇ ਸ਼ਿਕਾਗੋ ਦੇ ਸ਼ਹੀਦ ਮਜ਼ਦੂਰ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਮਾਸਟਰ ਸੁਖਦੇਵ ਸਿੰਘ, ਅਮਰਜੀਤ ਸਿੰਘ ਗਿੱਲ, ਹਰਭਜਨ ਸਿੰਘ, ਜਸਬੀਰ ਸਿੰਘ ਗੁਮਾਨਪੁਰਾ, ਬਖਸ਼ੀਸ ਸਿੰਘ, ਵਿਜੇ ਸਿੰਧਰਾ, ਕੁਲਵੰਤ ਕੌਰ, ਸ਼ਸ਼ੀ ਭਗਤ, ਦਵਿੰਦਰ ਭਲਵਾਨ, ਲਖਵਿੰਦਰ ਸਿੰਘ ਖਾਲਸਾ ਤੇ ਬਲਬੀਰ ਸਿੰਘ ਝਾਮਕਾ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਮਤੇ ਪਾਸ ਕਰਦਿਆਂ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਵਲੋਂ ਲਿਆਂਦੇ ਚਾਰ ਨਵੇਂ ਲੇਬਰ ਕੋਡ ਬਿੱਲ ਵਾਪਸ, ਮਨਰੇਗਾ ਕਾਨੂੰਨ ਪਹਿਲਾਂ ਵਾਲਾ ਬਹਾਲ ਕਰਨ, ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਅਤੇ ਹੋਰ ਜਥੇਬੰਦੀਆਂ ਬਣਾਉਣ ਦੇ ਯਤਨ ਕੀਤੇ ਜਾਣ, ਇਸ ਲਈ ਇਕ 11 ਮੈਂਬਰੀ ਕਮੇਟੀ ਬਣਾਈ ਜਾਵੇ | ਇਸ ਮੌਕੇ ਜੀਤ ਲਾਲ, ਤੀਰਥ ਰਾਮ, ਬਖਸ਼ੀਸ਼ ਸਿੰਘ ਸੰਘਾ, ਹਰਭਜਨ ਸਿੰਘ, ਅਮਰੀਕ ਸਿੰਘ ਤੇ ਸਰਦੂਲ ਸਿੰਘ ਢਪਈ ਨੂੰ ਸਨਮਾਨਿਤ ਕੀਤਾ ਗਿਆ | ਸਟੇਜ ਦੀ ਜ਼ਿਮੇਵਾਰੀ ਕੁਲਦੀਪ ਸਿੰਘ ਤੇ ਅਮਰਜੀਤ ਸਿੰਘ ਗਿੱਲ ਵਲੋਂ ਨਿਭਾਈ ਗਈ | ਇਸ ਮੌਕੇ ਰਣਜੀਤ ਸਿੰਘ ਰਾਣਾ, ਬਲਦੇਵ ਸਿੰਘ, ਕਿਰਪਾਲ ਸਿੰਘ, ਬਿਹਾਰੀ ਲਾਲ, ਅਜੀਤ ਸਿੰਘ ਭੱਟੀ, ਸਤਪਾਲ ਸਿੰਘ ਗਿੱਲ, ਧਿਆਨ ਚੰਦ, ਸੰਦੀਪ ਕੁਮਾਰ, ਕੇਵਲ ਸਿੰਘ, ਰੀਟਾ ਰਾਣੀ, ਰਾਜਰਾਣੀ, ਸਰਵਨ ਸਿੰਘ, ਰਵੀ ਕੁਮਾਰ, ਕੋਮਲਪ੍ਰੀਤ ਕੌਰ, ਪੂਜਾ, ਰਣਜੀਤ ਸਿੰਘ, ਰਚਨਾ ਰਾਣੀ, ਰਾਮਦੇਵ, ਨੇਕੀ ਰਾਮ, ਹਰਜਿੰਦਰ ਸਿੰਘ ਨਾਰਲੀ, ਬਾਜ ਸਿੰਘ, ਮਨਦੀਪ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ ਤੇ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ |
ਸੰਤ ਬਾਬਾ ਭੂਰੀ ਵਾਲੇ ਪਬਲਿਕ ਸਕੂਲ ਵਿਖੇ 'ਮਜ਼ਦੂਰ ਦਿਵਸ' ਮਨਾਇਆ
ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)-ਖੂਹ ਭਾਈ ਮੰਝ ਸਾਹਿਬ ਰੋਡ ਸਥਿਤ ਸੰਤ ਬਾਬਾ ਭੂਰੀ ਵਾਲੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਕੁਲਜਿੰਦਰ ਸਿੰਘ ਦੀ ਯੋਗ ਅਗਵਾਈ ਹੇਠ 'ਕੌਮਾਂਤਰੀ ਮਜ਼ਦੂਰ ਦਿਵਸ' ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਮਾਜ ਨੂੰ ਮਜ਼ਦੂਰ ਵਰਗ ਦੀ ਮਹੱਤਤਾ ਅਤੇ ਉਨ੍ਹਾਂ ਦੇ ਅਣਥੱਕ ਯੋਗਦਾਨ ਤੋਂ ਜਾਣੂ ਕਰਵਾਉਣਾ ਸੀ | ਸਕੂਲ ਪ੍ਰਬੰਧਕਾਂ ਵਲੋਂ ਸਕੂਲ ਵਿਚ ਸੇਵਾਵਾਂ ਨਿਭਾ ਰਹੇ ਗਰੁੱਪ-ਡੀ (ਦਰਜਾ ਚਾਰ) ਕਰਮਚਾਰੀਆਂ ਦੇ ਸਨਮਾਨ ਵਿਚ ਇਕ ਵਿਸ਼ੇਸ਼ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਕੁਲਜਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 'ਮਜ਼ਦੂਰ ਵਰਗ ਕਿਸੇ ਵੀ ਸਮਾਜ ਦੀ ਮਜ਼ਬੂਤ ਬੁਨਿਆਦ ਹੁੰਦਾ ਹੈ | ਦੇਸ਼ ਅਤੇ ਸੰਸਥਾਵਾਂ ਦੀ ਤਰੱਕੀ ਵਿਚ ਇਨ੍ਹਾਂ ਦਾ ਖੂਨ-ਪਸੀਨਾ ਸ਼ਾਮਲ ਹੈ, ਇਸ ਲਈ ਸਾਨੂੰ ਹਮੇਸ਼ਾ ਇਨ੍ਹਾਂ ਦੇ ਮਾਣ-ਸਤਿਕਾਰ ਨੂੰ ਬਹਾਲ ਰੱਖਣਾ ਚਾਹੀਦਾ ਹੈ | ਇਸ ਮੌਕੇ ਸਕੂਲ ਦਾ ਸਟਾਫ਼ ਅਤੇ ਪ੍ਰਬੰਧਕੀ ਮੈਂਬਰ ਜਿਨ੍ਹਾਂ ਵਿਚ ਵਾਈਸ ਪਿ੍ੰਸੀਪਲ ਸਿਮਰਨਜੀਤ ਕੌਰ, ਕਿਰਨਪ੍ਰੀਤ ਕੌਰ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |