ਚੱਬਾ, 15 ਜੂਨ (ਜੱਸਾ ਅਨਜਾਣ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏ.ਡੀ.ਏ. ਦੇ ਮੁੱਖ ਪ੍ਰਸ਼ਾਸਕ ਨਿਤੇਸ਼ ਕੁਮਾਰ ਜੈਨ, ਆਈ.ਏ.ਐੱਸ. ਅਤੇ ਵਧੀਕ ਮੁੱਖ ਪ੍ਰਸ਼ਾਸਕ ਇਨਾਯਤ ਅਤੇ ਪੀ. ਸੀ.ਐੱਸ.ਵਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਵਿੰਗ ਵਲੋਂ ਥਾਣਾ ਚਾਟੀਵਿੰਡ ਦੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਅੰਮ੍ਰਿਤਸਰ-ਤਰਨਤਾਰਨ ਰੋਡ ‘ਤੇ ਪਿੰਡ ਗੁਰੂਵਾਲੀ ਅਧੀਨ ਆਉਂਦੀ ਸੈਲੀਬਰੇਸ਼ਨ ਇੰਨਕਲੇਵ ਕਲੋਨੀ ‘ਤੇ ਪੁੱਡਾ ਦਾ ਪੀਲਾ ਪੰਜਾ ਚਲਾਇਆ ਗਿਆ। ਇਸ ਕਲੋਨੀ ਵਿਚ ਚੱਲ ਰਹੇ ਗ਼ੈਰ ਕਾਨੂੰਨੀ ਢੰਗ ਨਾਲ ਵਿਕਾਸ ਦੇ ਕੰਮ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਧੀਕ ਮੁੱਖ ਪ੍ਰਸ਼ਾਸਕ ਇਨਾਯਤ ਨੇ ਦੱਸਿਆ ਕਿ ਇਸ ਕਲੋਨੀ ਦੇ ਫੇਸ ਨੰਬਰ ਤਿੰਨ ਦਾ ਕੰਮ ਪੁੱਡਾ ਵਿਭਾਗ ਤੋਂ ਮਨਜ਼ੂਰੀ ਲਏ ਬਿਨਾਂ ਗ਼ੈਰ ਕਾਨੂੰਨੀ ਢੰਗ ਨਾਲ ਹੋ ਰਿਹਾ ਸੀ। ਜਿਸ ਤੇ ਅੱਜ ਪੁੱਡਾ ਦਾ ਪੀਲਾ ਪੰਜਾ ਚੱਲਿਆ ਤੇ ਕੰਮ ਨੂੰ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਕਲੋਨੀ ਦੇ ਪਹਿਲਾਂ ਕੱਟੇ ਗਏ ਫੇਸ ਇਕ ਅਤੇ ਫੇਸ-2 ਵਿਚ ਮੁੱਢਲੀਆਂ ਸਹੂਲਤਾਂ ਜਿਵੇਂ ਸੀਵਰੇਜ਼, ਸੜਕਾਂ, ਪਾਣੀ ਤੇ ਸਟਰੀਟ ਲਾਈਟਾਂ ਦਾ ਕੰਮ ਕਲੋਨੀ ਦੇ ਡੀਲਰ (ਮਾਲਕ) ਰਾਜੀਵ ਕੁਮਾਰ, ਰਾਕੇਸ਼ ਕੁਮਾਰ ਅਤੇ ਡਾ. ਮੋਹਿੰਦਰਪਾਲ ਵਲੋਂ ਮੁਹੱਈਆ ਨਹੀਂ ਕਰਵਾਇਆ ਗਿਆ। ਇਸ ਬਾਬਤ ਸੈਲੀਬਰੇਸ਼ਨ ਇਨਕਲੇਵ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਵਲੋਂ ਡੀਲਰਾਂ ਨੂੰ ਕਾਫ਼ੀ ਸਮੇਂ ਤੋਂ ਇਸ ਕਲੋਨੀ ਵਿਚ ਮੁਹੱਈਆ ਹੋਣ ਵਾਲੀਆਂ ਸਹੂਲਤਾਂ ਬਾਰੇ ਅਪੀਲ ਕੀਤੀ ਗਈ ਸੀ। ਪਰ ਕਲੋਨੀ ਕੱਟਣ ਵਾਲੇ ਮਾਲਕਾਂ ਨੇ ਇਸ ਬੇਨਤੀ ਦੀ ਕੋਈ ਪ੍ਰਵਾਹ ਨਹੀਂ ਕੀਤੀ ਸਗੋਂ ਫੇਸ ਤਿੰਨ ਦਾ ਕੰਮ ਜਾਰੀ ਰੱਖਿਆ। ਇਸ ਗ਼ੈਰ ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੇ ਕੰਮ ਬਾਰੇ ਪੁੱਡਾ ਵਲੋਂ ਵੀ ਨੋਟਿਸ ਦਿੱਤਾ ਗਿਆ ਸੀ ਪਰ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤੇ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਸੀ। ਅੱਜ ਇਸ ਮਾਮਲੇ ਨੂੰ ਹੱਲ ਕਰਨ ਲਈ ਪੁੱਡਾ ਵਿਭਾਗ ਵਲੋਂ ਪੁਲਿਸ ਪ੍ਰਸ਼ਾਸਨ ਅਤੇ ਸਰਪੰਚ ਰਾਮ ਸਿੰਘ, ਪੰਚ ਇੰਦਰਜੀਤ ਸਿੰਘ ਆਦਿ ਦੇ ਸਹਿਯੋਗ ਨਾਲ ਇਸ ਗ਼ੈਰ ਕਾਨੂੰਨੀ ਢੰਗ ਨਾਲ ਕੱਟੀ ਜਾ ਰਹੀ ਕਲੋਨੀ ਤੇ ਪੁੱਡਾ ਦਾ ਪੀਲਾ ਪੰਜਾ ਚਲਾਇਆ ਗਿਆ ਤੇ ਚੱਲ ਰਹੇ ਕੰਮ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇ ਡੀਲਰ ਦੁਬਾਰਾ ਕੰਮ ਸ਼ੁਰੂ ਕਰਵਾਉਣਗੇ ਤਾਂ ਪੁੱਡਾ ਵਿਭਾਗ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਪਰਚਾ ਦਰਜ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਸਤਨਾਮ ਸਿੰਘ, ਜਸਵਿੰਦਰ ਸਿੰਘ, ਸਤਨਾਮ ਸਿੰਘ ਛੀਨਾ, ਅੰਮ੍ਰਿਤਪਾਲ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਸਤਵੰਤ ਸਿੰਘ, ਜਸਪਿੰਦਰ ਸਿੰਘ ਆਦਿ ਹਾਜ਼ਰ ਸਨ।
ਪਿੰਡ ਗੁਰੂਵਾਲੀ ਦੀ ਸੈਲੀਬਰੇਸਨ ਇਨਕਲੇਵ ਕਾਲੋਨੀ ’ਤੇ ਚੱਲਿਆ ਪੁੱਡਾ ਦਾ ਪੀਲਾ ਪੰਜਾ
ਅਜੀਤ ਡੈਸਕ
16-06-2026