ਆਲਮਗੀਰ, 4 ਜੁਲਾਈ (ਜਰਨੈਲ ਸਿੰਘ ਪੱਟੀ)-ਨਵੀਂ ਤਕਨੀਕ ਬਦਲ ਰਹੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਨੇ ਬੱਚਿਆਂ ਦੀ ਸਿਹਤ ‘ਤੇ ਡੂੰਘਾ ਅਸਰ ਪਾਇਆ ਹੈ। ਜੇਕਰ ਪਿੱਛੇ ਨੂੰ ਝਾਤ ਮਾਰੀ ਜਾਵੇ ਤਾਂ ਕੁੱਝ ਸਾਲ ਪਹਿਲਾਂ ਤੱਕ ਬੱਚਿਆਂ ਵਿਚ ਮੋਟਾਪਾ ਬਹੁਤ ਘੱਟ ਦੇਖਣ ਨੂੰ ਮਿਲਦਾ ਸੀ, ਪਰ ਅੱਜ ਇਹ ਇਕ ਆਮ ਸਮੱਸਿਆ ਬਣ ਚੁੱਕੀ ਹੈ। ਉਪਰੋਕਤ ਜਾਣਕਾਰੀ ਬੈਰੀਆਟ੍ਰਿਕ, ਲੈਪਰੋਸਕੋਪਿਕ ਅਤੇ ਗੈਸਟਰੋ ਇੰਟੈਸਟਾਈਨਲ ਸਰਜਨ ਡਾ. ਹਰਪ੍ਰੀਤ ਸਿੰਘ ਜੌਲੀ ਨੇ ਦੱਸਿਆ ਕਿ ਜੰਕ ਫੂਡ, ਕੋਲਡ ਡਰਿੰਕਸ, ਫਾਸਟ ਫੂਡ, ਮੋਬਾਈਲ ਅਤੇ ਟੀ.ਵੀ. ਦੀ ਵੱਧ ਵਰਤੋਂ, ਬਾਹਰ ਖੇਡਣ ਦੀ ਘੱਟ ਆਦਤ ਅਤੇ ਸਰੀਰਕ ਗਤੀਵਿਧੀਆਂ ਵਿਚ ਕਮੀ ਕਾਰਨ ਬੱਚਿਆਂ ਦਾ ਵਜ਼ਨ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਸਮੱਸਿਆ ਸਿਰਫ਼ ਦਿੱਖ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਭਵਿੱਖ ਵਿਚ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ। ਇਸੇ ਮਕਸਦ ਨਾਲ ਮੈਸ਼-ਪ੍ਰੋਲਾਈਫ ਹਸਪਤਾਲ ਲੁਧਿਆਣਾ ਵਲੋਂ 26 ਜੁਲਾਈ ਦਿਨ ਐਤਵਾਰ ਨੂੰ ਹੋਟਲ ਹੌਲੀਡੇ ਇੰਨ ਅੰਮ੍ਰਿਤਸਰ ਵਿਖੇ ਬੱਚਿਆਂ ਦੇ ਮੋਟਾਪੇ ਅਤੇ ਵਜ਼ਨ ਪ੍ਰਬੰਧਨ ਸਬੰਧੀ ਵਿਸ਼ੇਸ਼ ਮੋਟਾਪਾ ਮੁਕਤ ਪੰਜਾਬ ਇੰਟਰ ਐਕਟਿਵ ਸੈਸ਼ਨ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਸਰਜਨ ਡਾ. ਜੌਲੀ ਮਾਪਿਆਂ ਨੂੰ ਬੱਚਿਆਂ ਵਿਚ ਵਧਦੇ ਮੋਟਾਪੇ ਦੇ ਕਾਰਨਾਂ, ਇਸ ਤੋਂ ਬਚਾਅ ਅਤੇ ਆਧੁਨਿਕ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ। ਡਾ. ਜੌਲੀ ਨੇ ਦੱਸਿਆ ਕਿ ਅੱਜ ਬਹੁਤ ਸਾਰੇ ਮਾਪੇ ਇਹ ਸਮਝਦੇ ਹਨ ਕਿ ਮੋਟਾ ਬੱਚਾ ਸਿਹਤਮੰਦ ਹੁੰਦਾ ਹੈ, ਜਦਕਿ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ। ਜੇਕਰ ਬੱਚੇ ਦਾ ਵਜ਼ਨ ਉਸ ਦੀ ਉਮਰ ਅਤੇ ਕੱਦ ਦੇ ਮੁਤਾਬਿਕ ਲਗਾਤਾਰ ਵੱਧ ਰਿਹਾ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਬਚਪਨ ਦਾ ਮੋਟਾਪਾ ਅੱਗੇ ਚੱਲ ਕੇ ਟਾਈਪ-2 ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਫੈਟੀ ਲਿਵਰ, ਦਿਲ ਦੀਆਂ ਬਿਮਾਰੀਆਂ, ਨੀਂਦ ਦੌਰਾਨ ਸਾਹ ਰੁਕਣ ਦੀ ਸਮੱਸਿਆ, ਜੋੜਾਂ ਦੇ ਦਰਦ ਅਤੇ ਆਤਮ-ਵਿਸ਼ਵਾਸ ਵਿਚ ਕਮੀ ਵਰਗੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ। ਡਾ. ਜੌਲੀ ਨੇ ਇਹ ਵੀ ਦੱਸਿਆ ਕਿ ਕੁੱਝ ਬੱਚਿਆਂ ਵਿਚ ਵਧਦਾ ਵਜ਼ਨ ਹਾਰਮੋਨਲ ਗੜਬੜ, ਮੈਟਾਬੋਲਿਕ ਸਮੱਸਿਆਵਾਂ ਜਾਂ ਹੋਰ ਡਾਕਟਰੀ ਕਾਰਨਾਂ ਕਰਕੇ ਵੀ ਹੋ ਸਕਦਾ ਹੈ। ਇਸ ਲਈ ਮਾਹਿਰ ਡਾਕਟਰ ਨਾਲ ਸਲਾਹ ਕਰਨੀ ਬਹੁਤ ਜ਼ਰੂਰੀ ਹੈ। ਇਸ ਦੌਰਾਨ ਬੱਚਿਆਂ ਦੀ ਸਿਹਤ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਵਜ਼ਨ, ਖ਼ੁਰਾਕ ਅਤੇ ਜੀਵਨ ਸ਼ੈਲੀ ਦੇ ਅਨੁਸਾਰ ਵਿਅਕਤੀਗਤ ਸਲਾਹ ਦਿੱਤੀ ਜਾਵੇਗੀ।