ਅੰਮ੍ਰਿਤਸਰ, 5 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਦੇ ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰ ਏ.ਡੀ.ਸੀ. ਡਾ. ਰੁਪਿੰਦਰ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ਈ.ਐੱਫ. ਫਾਰਮ ਭਰਨ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਜੰਗੀ ਪੱਧਰ ‘ਤੇ ਤੇਜ਼ੀ ਨਾਲ ਜਾਰੀ ਹੈ। ਇਸ ਕਾਰਜ ਨੂੰ ਹੋਰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਈ. ਟੀ. ਆਈ. (ਵਿਮੈਨ), ਬੇਰੀ ਗੇਟ, ਅੰਮ੍ਰਿਤਸਰ ਵਿਖੇ ਇਕ ਸਬ-ਸੈਂਟਰ ਸਥਾਪਤ ਕੀਤਾ ਗਿਆ ਹੈ, ਜਿੱਥੇ ਅਧਿਕਾਰੀ ਅਤੇ ਕਰਮਚਾਰੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਡਾ. ਰੁਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ. ਆਈ. ਆਰ.) ਸਾਲ 2003 ਤੋਂ ਬਾਅਦ ਪਹਿਲੀ ਵਾਰ ਕਰਵਾਈ ਜਾ ਰਹੀ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਐੱਸ. ਆਈ. ਆਰ. ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਜਾਂ ਭਰਮ ਵਿਚ ਨਾ ਆਉਣ, ਸਗੋਂ ਆਪਣੇ ਖੇਤਰ ਦੇ ਬੀ. ਐੱਲ. ਓ. ਨੂੰ ਸਹੀ ਅਤੇ ਪੂਰੀ ਜਾਣਕਾਰੀ ਅਤੇ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ, ਤਾਂ ਜੋ ਵੋਟਰ ਸੂਚੀ ਨੂੰ ਹੋਰ ਵੀ ਸ਼ੁੱਧ ਅਤੇ ਭਰੋਸੇਯੋਗ ਬਣਾਇਆ ਜਾ ਸਕੇ। ਐਗਜ਼ਿਕਿਊਟਿਵ ਅਫ਼ਸਰ ਦਿਨੇਸ਼ ਸੂਰੀ ਅਤੇ ਸਵੀਪ ਨੋਡਲ ਅਫ਼ਸਰ ਤੇ ਪ੍ਰਿੰ: ਨਵਜੋਤ ਸਿੰਘ ਧੂਤ ਵਲੋਂ ਆਈ. ਟੀ. ਆਈ. (ਵਿਮੈਨ), ਬੇਰੀ ਗੇਟ ਵਿਖੇ ਸਥਾਪਤ ਸਬ-ਸੈਂਟਰ ਦਾ ਦੌਰਾ ਕਰਕੇ ਚੱਲ ਰਹੇ ਈ. ਐੱਫ. ਫਾਰਮ ਭਰਨ ਅਤੇ ਡਿਜੀਟਾਈਜ਼ੇਸ਼ਨ ਦੇ ਕੰਮ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸੈਂਟਰ ਹਲਕੇ ਦਾ ਸਮੂਹ ਕੰਪਿਊਟਰ ਸਟਾਫ ਅਤੇ ਵੱਖ-ਵੱਖ ਬੀ. ਐੱਲ. ਓ. ਹਾਜ਼ਰ ਸਨ।
ਐੱਸ. ਆਈ. ਆਰ. ਤਹਿਤ ਈ. ਐੱਫ. ਫਾਰਮ ਭਰਨ ਅਤੇ ਡਿਜੀਟਾਈਜੇਸ਼ਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ
ਅਜੀਤ ਡੈਸਕ
06-07-2026