ਅੰਮ੍ਰਿਤਸਰ, 26 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)- ਵਿੱਦਿਆ ਭਾਰਤੀ ਪੰਜਾਬ ਦੁਆਰਾ ਆਯੋਜਿਤ ਤਿੰਨ ਦਿਨਾਂ 37ਵਾਂ ਸੂਬਾਈ ਖੇਡ ਉਤਸਵ (2026-27) ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਰਣਜੀਤ ਐਵੇਨਿਊ ਵਿਖੇ ਬਹੁਤ ਉਤਸ਼ਾਹ ਨਾਲ ਸਮਾਪਤ ਹੋਇਆ। ਕੰਵਲ ਕਪੂਰ (ਆਰ.ਐੱਸ.ਐੱਸ. ਅੰਮ੍ਰਿਤਸਰ ਵਿਭਾਗ ਇੰਚਾਰਜ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਅਤੇ ਸਰਸਵਤੀ ਵੰਦਨਾ ਨਾਲ ਹੋਈ। ਮੁੱਖ ਮਹਿਮਾਨ ਕੰਵਲ ਕਪੂਰ ਨੇ ਸਮਾਪਤੀ ਸਮਾਰੋਹ ਦਾ ਉਦਘਾਟਨ ਕਰਦੇ ਹੋਏ ਸ਼ਖਸੀਅਤ ਵਿਕਾਸ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ‘ਚ ਅਨੁਸ਼ਾਸਨ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ‘ਚ ਖੇਡਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਸੰਘ ਦੇ ਸ਼ਤਾਬਦੀ ਸਾਲ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਆਡੀਟੋਰੀਅਮ ‘ਚ ਮੌਜੂਦ ਸਾਰਿਆਂ ਨੂੰ ਰਾਸ਼ਟਰੀ ਆਰ. ਐੱਸ. ਐੱਸ. ਦੀ ਵਿਚਾਰਧਾਰਾ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਵਿਦਿਆ ਭਾਰਤੀ ਸਿੱਖਿਆ ਦੇ ਖੇਤਰ ‘ਚ ਸੰਘ ਦਾ ਇਕ ਮਹੱਤਵਪੂਰਨ ਪਹਿਲੂ ਹੈ, ਜੋ ਸਮਾਜ ‘ਚ ਵਿਅਕਤੀਗਤ ਵਿਕਾਸ ਵੱਲ ਕੰਮ ਕਰਦਾ ਹੈ। ਪ੍ਰਧਾਨ ਡਾ. ਅਰੁਣ ਮਹਿਰਾ ਨੇ ਮੁੱਖ ਮਹਿਮਾਨ, ਖਿਡਾਰੀਆਂ ਅਤੇ ਉਨ੍ਹਾਂ ਦੇ ਨਾਲ ਆਏ ਸਲਾਹਕਾਰਾਂ, ਆਚਾਰੀਆ ਭੈਣਾਂ ਦਾ ਧੰਨਵਾਦ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੀ ਭਵਿੱਖੀ ਸਫਲਤਾ ਲਈ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਸਾਰੇ ਸਕੂਲਾਂ ਦੇ ਕੋਚਾਂ, ਜੱਜਾਂ ਅਤੇ ਸਹਾਇਕ ਸਟਾਫ਼ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਖੇਡ ਅਧਿਕਾਰੀ ਪ੍ਰਦੀਪ ਨੇ ਸਮਾਗਮ ਦੌਰਾਨ ਹੋਈਆਂ ਹਰੇਕ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ। ਸਮਾਪਤੀ ਸਮਾਰੋਹ ‘ਚ ਮੁੱਖ ਮਹਿਮਾਨ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਖੇਡ ਮੁਕਾਬਲੇ ‘ਚ ਮਾਧਵ ਵਿਦਿਆ ਨਿਕੇਤਨ ਸਕੂਲ ਨੇ ਜੂਡੋ, ਤਾਈਕਵਾਂਡੋ ਅਤੇ ਗੀਤ ਮੁਕਾਬਲੇ ਦੀ ਓਵਰਆਲ ਟਰਾਫੀ ਜਿੱਤ ਕੇ ਅੰਮ੍ਰਿਤਸਰ ਡਿਵੀਜ਼ਨ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਵਿਦਿਆਲਿਆ ਪ੍ਰਬੰਧਨ ਕਮੇਟੀ ਦੇ ਸਰਪ੍ਰਸਤ ਡਾ: ਭੀਮਸੇਨ, ਮੈਨੇਜਰ ਕੇ. ਆਰ. ਤੁਲੀ, ਮੈਂਬਰ ਸ੍ਰੀਮਤੀ ਮੇਘਾ ਕਟਾਰੀਆ ਅਤੇ ਪ੍ਰਿੰਸੀਪਲ ਸ੍ਰੀਮਤੀ ਰੀਨਾ ਠਾਕੁਰ ਮੌਜੂਦ ਸਨ।
ਮਾਧਵ ਵਿੱਦਿਆ ਨਿਕੇਤਨ ਸੀ. ਸੈਕੰ. ਸਕੂਲ ਵਿਖੇ ਸੂਬਾਈ ਖੇਡ ਉਤਸਵ ਦਾ ਸ਼ਾਨਦਾਰ ਸਮਾਪਨ
ਅਜੀਤ ਡੈਸਕ
27-07-2026