ਚੋਹਲਾ ਸਾਹਿਬ, 21 ਮਈ (ਬਲਵਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਹਰ ਤਿੰਨ ਸਾਲ ਬਾਅਦ ਪਿੰਡ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਂਦੀਆਂ ਹਨ | ਇਸੇ ਲੜੀ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨ ਤਾਰਨ ਦੇ ਜ਼ੋਨ ਟਾਂਡਾ ਦੀ ਇਕ ਬਹੁਤ ਹੀ ਜ਼ਰੂਰੀ ਮੀਟਿੰਗ ਪਿੰਡ ਸੰਗਤਪੁਰ ਵਿਖੇ ਰੱਖੀ ਗਈ | ਇਸ ਮੀਟਿੰਗ ਵਿਚ ਜ਼ੋਨ ਟਾਂਡਾ ਦੀ ਤਿੰਨ ਸਾਲ ਬਾਅਦ ਕੋਰ ਕਮੇਟੀ ਦੀ ਨਵੇਂ ਸਿਰੇ ਤੋਂ ਚੋਣ ਕਰਵਾਈ ਗਈ | ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਆਗੂ ਸਤਨਾਮ ਸਿੰਘ ਮਾਣੋਚਾਲ੍ਹ, ਜ਼ਿਲ੍ਹਾ ਸਕੱਤਰ ਅਤੇ ਸੂਬਾ ਆਗੂ ਹਰਜਿੰਦਰ ਸਿੰਘ ਸ਼ੱਕਰੀ, ਜ਼ਿਲ੍ਹਾ ਮੀਤ ਪ੍ਰਧਾਨ ਤੇ ਸੂਬਾ ਆਗੂ ਦਿਆਲ ਸਿੰਘ ਮੀਆਂਵਿੰਡ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਤੇ ਇਨ੍ਹਾਂ ਦੀ ਹੀ ਦੇਖ-ਰੇਖ ਵਿਚ ਜ਼ੋਨ ਟਾਂਡਾ ਦੀ ਚੋਣ ਸਰਬਸੰਮਤੀ ਨਾਲ ਸੰਪੰਨ ਕਰਵਾਈ ਗਈ | ਕਿਸਾਨ ਆਗੂ ਦਿਆਲ ਸਿੰਘ ਮੀਆਂਵਿੰਡ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਜ਼ੋਨਾਂ ਦੀਆਂ ਚੋਣਾਂ ਜ਼ਿਲ੍ਹਾ ਟੀਮ ਵਲੋਂ ਜ਼ੋਨ ਦੇ ਪਿੰਡਾਂ ਦੀ ਸਹਿਮਤੀ ਦੇ ਨਾਲ ਕਰਵਾਈਆਂ ਜਾਂ ਰਹੀਆਂ ਹਨ | ਇਸੇ ਤਰ੍ਹਾਂ ਅੱਜ ਜ਼ੋਨ ਟਾਂਡਾ ਦੀ ਚੋਣ ਵੀ ਸਰਬਸੰਮਤੀ ਨਾਲ ਜੋਨ ਟਾਂਡਾ ਦੇ ਸਾਰੇ ਪਿੰਡ ਇਕਾਈਆਂ ਦੀ ਸਹਿਮਤੀ ਨਾਲ ਕਰਵਾਈ ਗਈ | ਕਿਸਾਨ ਆਗੂ ਸਤਨਾਮ ਸਿੰਘ ਮਾਣੋਚਾਲ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਆਪਣਾ ਇਕ ਸੰਵਿਧਾਨ ਹੈ | ਇਸ ਸੰਵਿਧਾਨ ਦੇ ਤਹਿਤ ਹਰ ਤਿੰਨ ਸਾਲ ਬਾਅਦ ਹਰ ਪਿੰਡ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਨਵੀਂ ਕੋਰ ਕਮੇਟੀ ਦੀ ਚੋਣ ਕੀਤੀ ਜਾਂਦੀ ਹੈ ਤਾਂ ਕਿ ਹਰ ਵਾਰ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾ ਸਕੇ ਅਤੇ ਪਿੰਡਾਂ ਵਿਚ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਅਤੇ ਛੋਟੇ ਦੁਕਾਨਦਾਰਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੋੜਿਆ ਜਾਵੇ, ਤਾਂਕਿ ਕਿਤੇ ਵੀ ਕਿਸੇ ਵੀ ਸਮੇਂ ਕਿਸੇ ਵੀ ਵੀਰ ਨੂੰ ਕੋਈ ਮੁਸ਼ਕਿਲ ਪੇਸ਼ ਆਵੇ, ਕਿਤੇ ਸੰਘਰਸ਼ ਕਰਨਾ ਪਵੇ ਜਾਂ ਕੋਈ ਮੋਰਚਾ ਲਗਾਉਣਾ ਪਵੇ ਤਾਂ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਅਤੇ ਦੁਕਾਨਦਾਰ ਉਸ ਵਿੱਚ ਸ਼ਾਮਿਲ ਹੋ ਸਕਣ | ਇਸ ਮੌਕੇ ਜ਼ੋਨ ਟਾਂਡਾ ਦੀ ਹੋਈ ਚੋਣ ਵਿਚ ਸਾਰੇ ਪਿੰਡ ਇਕਾਈਆਂ ਦੀ ਸਹਿਮਤੀ ਨਾਲ ਜ਼ੋਨ ਪ੍ਰਧਾਨ ਕੁਲਵੰਤ ਸਿੰਘ ਭੈਲ, ਸਕੱਤਰ ਲਖਵਿੰਦਰ ਸਿੰਘ ਸੰਗਤਪੁਰ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਵੇਈਪੂਈਾ, ਮੀਤ ਪ੍ਰਧਾਨ ਬੀਬੀ ਰੰਜੂਪੁਰੀ ਖਵਾਸਪੁਰ, ਮੀਤ ਪ੍ਰਧਾਨ ਬੀਬੀ ਨਰਿੰਦਰ ਕੌਰ ਤੁੜ, ਮੀਤ ਪ੍ਰਧਾਨ ਗੁਰਜੀਤ ਸਿੰਘ ਟਾਂਡਾ, ਮੀਤ ਪ੍ਰਧਾਨ ਭਗਵਾਨ ਸਿੰਘ ਧੂੰਦਾ, ਖਜਾਨਚੀ ਜਵਾਹਰ ਸਿੰਘ ਟਾਂਡਾ, ਸਹਾਇਕ ਖਜਾਨਚੀ ਬਚਿੱਤਰ ਸਿੰਘ ਛਾਪੜੀ ਸਾਹਿਬ, ਸੁਲੱਖਣ ਸਿੰਘ ਲੁਹਾਰ, ਵਲੰਟੀਅਰ ਇੰਚਾਰਜ ਸੁਖਚੈਨ ਸਿੰਘ ਛਾਪੜੀ ਸਾਹਿਬ, ਨਿਰਮਲ ਸਿੰਘ ਤੁੜ, ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਖਵਾਸਪੁਰ, ਸਲਾਹਕਾਰ ਦਵਿੰਦਰ ਸਿੰਘ ਗੋਇੰਦਵਾਲ ਸਾਹਿਬ ਤੇ ਜਥੇਬੰਦਕ ਸਕੱਤਰ ਗੁਰਧਰਮ ਸਿੰਘ ਨੂੰ ਬਣਾਇਆ ਗਿਆ |