ਪੱਟੀ, 11 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੰਜਾਬ ਸਰਕਾਰ ਵਲੋਂ ਭਿਆਨਕ ਗਰਮੀ ਦੇ ਪ੍ਰਕੋਪ ਨੂੰ ਦੇਖਦਿਆਂ ਸਰਕਾਰੀ, ਅਰਧ-ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਬਦਲ ਕੇ 7.30 ਵਜੇ ਕਰ ਦਿੱਤਾ ਗਿਆ ਹੈ, ਤਾਂ ਜੋ ਲੋਕਾਂ ਅਤੇ ਮੁਲਾਜ਼ਮਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ, ਪਰ ਪੱਟੀ ਦੇ ਕੱੁਝ ਸਰਕਾਰੀ ਅਧਿਕਾਰੀ ਸਰਕਾਰ ਦੇ ਇਸ ਫ਼ੈਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ | ਅੱਜ 'ਅਜੀਤ' ਅਖ਼ਬਾਰ ਦੀ ਟੀਮ ਵਲੋਂ ਜਦ ਐੱਸ. ਡੀ. ਐੱਮ. ਦਫ਼ਤਰ ਪੱਟੀ ਅਤੇ ਤਹਿਸੀਲਦਾਰ ਦਫ਼ਤਰ ਦਾ ਦੌਰਾ ਕੀਤਾ ਗਿਆ ਤਾਂ ਐੱਸ.ਡੀ.ਐੱਮ. ਦਫ਼ਤਰ ਵਿਚ ਦਰਜਾਚਾਰ ਕਰਮਚਾਰੀਆਂ ਤੋਂ ਇਲਾਵਾ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਹਾਜ਼ਰ ਨਹੀਂ ਮਿਲਿਆ | ਇਸੇ ਤਰ੍ਹਾਂ ਤਹਿਸੀਲਦਾਰ ਦਫ਼ਤਰ ਵਿਚ ਵੀ ਦੋ-ਤਿੰਨ ਕਰਮਚਾਰੀਆਂ ਨੂੰ ਛੱਡ ਕੇ ਨਾ ਤਾਂ ਤਹਿਸੀਲਦਾਰ ਅਤੇ ਨਾ ਹੀ ਹੋਰ ਅਧਿਕਾਰੀ ਮੌਜੂਦ ਸਨ | ਇਸ ਸੰਬੰਧੀ ਜਦੋਂ ਤਹਿਸੀਲਦਾਰ ਪੱਟੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਤਹਿਸੀਲਦਾਰਾਂ ਦੀ ਘਾਟ ਕਾਰਨ ਉਨ੍ਹਾਂ ਕੋਲ ਹੋਰ ਤਹਿਸੀਲਾਂ ਦਾ ਵੀ ਵਾਧੂ ਚਾਰਜ ਹੈ, ਜਿਸ ਕਰਕੇ ਕਈ ਵਾਰ ਦਫ਼ਤਰ ਪਹੁੰਚਣ ਵਿਚ ਦੇਰੀ ਹੋ ਜਾਂਦੀ ਹੈ, ਉੱਥੇ ਹੀ ਐੱਸ. ਡੀ. ਐੱਮ. ਦੇ ਰੀਡਰ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਅੱਜ ਭਿੱਖੀਵਿੰਡ ਵਿਖੇ ਲੱਗੀ ਹੋਈ ਸੀ | ਇਕ ਹੋਰ ਅਧਿਕਾਰੀ ਨੇ ਦੂਰ-ਦੁਰਾਂਡੇ ਇਲਾਕੇ ਤੋਂ ਆਉਣ ਕਾਰਨ ਦੇਰੀ ਨਾਲ ਪਹੁੰਚਣ ਦੀ ਗੱਲ ਕਹੀ | ਹਾਲਾਂਕਿ ਬਾਕੀ ਅਧਿਕਾਰੀਆਂ ਦੀ ਗ਼ੈਰ-ਹਾਜ਼ਰੀ ਦਾ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ | ਦਫ਼ਤਰਾਂ ਵਿਚ ਮੁਲਾਜ਼ਮਾਂ ਵਲੋਂ ਸਮੇਂ ਸਿਰ ਨਾ ਆਉਣ ਸੰਬੰਧੀ ਜਦ ਐਸ.ਡੀ.ਐਮ. ਅਮਨਦੀਪ ਨਾਲ ਫੋਨ 'ਤੇ ਰਾਬਤਾ ਕਰਨਾ ਚਾਹਿਆ ਸੰਪਰਕ ਨਹੀਂ ਹੋ ਸਕਿਆ | ਇਸ ਸੰਬੰਧੀ ਕਿਸਾਨ ਆਗੂ ਇੰਦਰਜੀਤ ਸਿੰਘ ਕੋਟਬੁੱਢਾ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਅਧਿਕਾਰੀਆਂ ਦੀ ਸਮੇਂ ਸਿਰ ਹਾਜ਼ਰੀ ਨਾ ਹੋਣ ਕਾਰਨ ਆਮ ਲੋਕਾਂ ਨੂੰ ਆਪਣੇ ਕੰਮਾਂ ਲਈ ਲੰਮੇ ਸਮੇਂ ਤੱਕ ਉਡੀਕ ਕਰਨੀ ਪੈਂਦੀ ਹੈ | ਸਰਕਾਰ ਵਲੋਂ ਦਫ਼ਤਰਾਂ ਦਾ ਸਮਾਂ ਸਵੇਰੇ 7.30 ਵਜੇ ਕਰਨ ਦੇ ਬਾਵਜੂਦ ਕੁਝ ਅਧਿਕਾਰੀ ਪੁਰਾਣੇ ਰੁਟੀਨ ਅਨੁਸਾਰ ਹੀ ਕੰਮ ਕਰ ਰਹੇ ਹਨ ਅਤੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਦਫ਼ਤਰਾਂ ਤੋਂ ਰਵਾਨਾ ਹੋ ਜਾਂਦੇ ਹਨ | ਕੋਟ ਬੁੱਢਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਦਫ਼ਤਰਾਂ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ ਜਾਵੇ, ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਰਕਾਰੀ ਸੇਵਾਵਾਂ ਦਾ ਲਾਭ ਸਮੇਂ ਸਿਰ ਮਿਲ ਸਕੇ |