03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤੇਜ਼ ਤੂਫਾਨ ਨੇ ਹਰੀਕੇ ਇਲਾਕੇ ’ਚ ਮਚਾਈ ਤਬਾਹੀ

Ad Position 21
No active advertisement
ਅਜੀਤ ਡੈਸਕ 13-06-2026
ਵੱਡੇ ਦਰੱਖਤ, ਬਿਜਲੀ ਦੇ ਟਾਵਰ, ਟਰਾਂਸਫਾਰਮਰ ਤੇ ਖੰਭੇ ਹੋਏ ਤਹਿਸ ਨਹਿਸ
ਆਵਾਜਾਈ ਰਹੀ ਠੱਪ, ਬਿਜਲੀ ਹੋਈ ਗੁੱਲ
ਹਰੀਕੇ ਪੱਤਣ, 12 ਜੂਨ (ਸੰਜੀਵ ਕੁੰਦਰਾ)–ਬੀਤੀ ਰਾਤ ਆਏ ਤੇਜ਼ ਤੂਫਾਨ ਨੇ ਹਰੀਕੇ ਪੱਤਣ ਇਲਾਕੇ ਵਿਚ ਵੱਡੀ ਤਬਾਹੀ ਮਚਾਈ, ਜਿਸ ਕਾਰਨ ਲੋਕਾਂ ਦਾ ਵੱਡਾ ਮਾਲੀ ਨੁਕਸਾਨ ਹੋਇਆ। ਇਹ ਤੂਫ਼ਾਨ ਜੋ ਕਿ ਦੇਰ ਸ਼ਾਮ ਸ਼ੁਰੂ ਹੋਇਆ ਤੇ ਰਾਤ ਤੱਕ ਚਲਦਾ ਰਿਹਾ। ਇਸ ਤੂਫਾਨ ਦੀ ਲਪੇਟ ਵਿਚ ਆਉਣ ਕਾਰਨ ਸੈਂਕੜੇ ਦਰੱਖਤ, ਬਿਜਲੀ ਦੇ ਵੱਡੇ ਟਾਵਰ, ਪੋਲ, ਦੁਕਾਨਾਂ ਦੇ ਸੈਡ ਆਦਿ ਤਹਿਸ ਨਹਿਸ ਹੋ ਗਏ। ਹਰੀਕੇ ਪੱਤਣ ਕਸਬੇ ਤੋਂ ਬੰਗਾਲੀ ਵਾਲਾ ਪੁੱਲ ਨੂੰ ਜਾਂਦੀ ਸੜਕ ਤੇ ਦਹਾਕਿਆਂ ਪੁਰਾਣੇ ਅੰਬਾਂ ਦੇ ਰੁੱਖ ਤੂਫਾਨ ਦੀ ਮਾਰ ਨਹੀਂ ਝੱਲ ਸਕੇ ਅਤੇ ਜੜੋਂ ਉਖੜ ਕੇ ਸੜਕ ਵਿਚਕਾਰ ਡਿੱਗ ਪਏ ਅਤੇ ਆਵਾਜਾਈ ਠੱਪ ਹੋ ਗਈ। ਜਿਸ ਕਾਰਨ ਅੱਜ ਦੁਪਹਿਰ ਤੱਕ ਇਹ ਰਸਤਾ ਆਵਾਜਾਈ ਲਈ ਬੰਦ ਰਿਹਾ ਤੇ ਬੱਸਾਂ ਤੇ ਹੋਰ ਵਾਹਨ ਹਰੀਕੇ ਪੱਤਣ ਬਾਈਪਾਸ ਦੇ ਬਦਲਵੇਂ ਰਸਤੇ ਰਾਹੀਂ ਆਪਣੀ ਮੰਜ਼ਿਲ ਵੱਲ ਗਈਆਂ। ਜਿੱਥੇ ਇਸ ਤੇਜ਼ ਤੂਫਾਨ ਨੇ ਦਰੱਖਤਾਂ ਨੂੰ ਆਪਣੀ ਲਪੇਟ ਵਿਚ ਲਿਆ ਉੱਥੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਾ ਵੀ ਵੱਡਾ ਨੁਕਸਾਨ ਹੋਇਆ ਤੇਜ਼ ਤੂਫਾਨ ਦੀ ਲਪੇਟ ਵਿਚ ਆਉਣ ਕਾਰਨ ਵੱਡੇ ਟਾਵਰ, ਬਿਜਲੀ ਦੇ ਪੋਲ, ਟਰਾਂਸਫਾਰਮਰ ਅਤੇ ਖੰਭੇ ਆਦਿ ਡਿੱਗ ਪਏ, ਜਿਸ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਖ਼ਬਰ ਲਿਖੇ ਜਾਣ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੋਈ ਸੀ। ਬਿਜਲੀ ਕਰਮਚਾਰੀ ਪੂਰੀ ਮਿਹਨਤ ਨਾਲ ਬਿਜਲੀ ਸਪਲਾਈ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ।
ਪਿੰਡ ਮਰੜ ਵਿਚ ਹੋਇਆ ਭਾਰੀ ਨੁਕਸਾਨ
ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਮਰੜ ਵਿਖੇ ਵੀ ਤੂਫਾਨ ਨੇ ਮਾਰ ਮਾਰੀ ਅਤੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਕਿਸਾਨ ਜਸਵਿੰਦਰ ਸਿੰਘ ਦਾ ਪਸ਼ੂਆਂ ਵਾਲਾ ਸੈਡ ਜੋ ਕਿ ਸੀਮੈਟ ਦੀਆਂ ਟੀਨਾਂ ਦਾ ਬਣਿਆ ਹੋਇਆ ਸੀ ਲੋਹੇ ਦੇ ਗਾਡਰਾਂ ਸਮੇਤ ਤੂਫਾਨ ਵਿਚ ਉੱਡ ਗਿਆ ਅਤੇ ਦੂਰ ਖੇਤਾਂ ਵਿਚ ਜਾ ਡਿੱਗਾ। ਇਸੇ ਤਰ੍ਹਾਂ ਇਕ ਹੋਰ ਕਿਸਾਨ ਪ੍ਰਗਟ ਸਿੰਘ ਦਾ ਸੈਡ ਵੀ ਤੂਫਾਨ ਦੀ ਲਪੇਟ ਵਿਚ ਆ ਕੇ ਉੱਡ ਗਿਆ ਅਤੇ ਥੋੜ੍ਹੀ ਦੂਰੀ ਤੇ ਅਮਰਜੀਤ ਕੋਰ ਪਤਨੀ ਸਵ. ਪ੍ਰਕਾਸ਼ ਸਿੰਘ ਦੇ ਘਰ ’ਤੇ ਜਾ ਡਿੱਗਾ ਜਿੱਥੇ ਸੈਡ ਟੁੱਟਣ ਕਾਰਨ ਪ੍ਰਗਟ ਸਿੰਘ ਦਾ 3 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਉੱਥੇ ਅਮਰਜੀਤ ਕੌਰ ਜਿਸਦੇ ਘਰ ਜਾ ਡਿੱਗਾ ਉਸ ਦਾ ਵੀ 2 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ। ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ।
ਹਰੀਕੇ ਬਾਜ਼ਾਰ ’ਚ ਹੋਇਆ ਭਾਰੀ ਨੁਕਸਾਨ
ਤੇਜ਼ ਤੂਫਾਨ ਦੇ ਕਾਰਨ ਕਸਬਾ ਹਰੀਕੇ ਪੱਤਣ ਦੇ ਮੇਨ ਬਾਜ਼ਾਰ ਵਿਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ। ਹਰੀਕੇ ਪੱਤਣ ਮੱਖੂ ਰੋਡ ਇਕ ਬਹੁਤ ਪੁਰਾਣਾ ਅਤੇ ਵੱਡਾ ਪਿੱਪਲ ਦਾ ਰੁੱਖ ਤੂਫਾਨ ਦੀ ਲਪੇਟ ਵਿਚ ਆਉਣ ਕਾਰਨ ਡਿੱਗ ਪਿਆ। ਜਿਸ ਨੇ ਨੇੜਲੇ ਘਰਾਂ ਅਤੇ ਦੁਕਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜੋ ਲੋਕਾਂ ਦੇ ਨੁਕਸਾਨ ਦਾ ਕਾਰਨ ਬਣਿਆ। ਇਸ ਦੌਰਾਨ ਦੁਕਾਨਦਾਰ ਸੰਜੂ ਬਾਵਾ ਜਿਸਦਾ ਮੋਟਰਸਾਈਕਲ ਆਦਿ ਦੀ ਮਰੁੰਮਤ ਦਾ ਕੰਮ ਹੈ ਦੀ ਦੁਕਾਨ ਤੇ ਮਰੁੰਮਤ ਲਈ ਆਈਆਂ ਦੋ ਐਕਟਿਵਾ ਇਸ ਪਿੱਪਲ ਦੇ ਦਰੱਖਤ ਹੇਠਾਂ ਆਉਣ ਕਾਰਨ ਨੁਕਸਾਨੀਆਂ ਗਈਆਂ। ਇਸ ਤੋਂ ਇਲਾਵਾ ਅਮ੍ਰਿਤਸਰ ਰੋਡ ਤੇ ਸਥਿਤ ਦੁਕਾਨਦਾਰ ਵਿਨੋਦ ਕੁਮਾਰ ਦੀ ਦੁਕਾਨ ਦੀ ਛੱਤ ਤੇ ਸਫੈਦੇ ਦਾ ਰੁੱਖ ਡਿੱਗ ਪਿਆ ਜਿਸ ਨੇ ਦੁਕਾਨ ਦੀ ਟੀਨਾਂ ਦੀ ਛੱਤ ਪਾੜ ਦਿੱਤੀ, ਜਿਸ ਕਾਰਨ ਦੁਕਾਨ ਅੰਦਰਲਾ ਸਮਾਨ ਟੁੱਟ ਗਿਆ। ਦੁਕਾਨਦਾਰ ਵਿਨੋਦ ਕੁਮਾਰ ਨੇ ਦਸਿਆ ਕਿ ਇੱਕਦਮ ਆਏ ਤੇਜ਼ ਤੂਫਾਨ ਕਾਰਨ ਦਰੱਖਤ ਟੁੱਟ ਕੇ ਸਾਡੀ ਦੁਕਾਨ ’ਤੇ ਆ ਡਿੱਗਾ ਮੈਂ ਮਸਾਂ ਭੱਜ ਕੇ ਜਾਨ ਬਚਾਈ ਪਰ ਮੇਰਾ ਵੱਡਾ ਨੁਕਸਾਨ ਹੋ ਗਿਆ।

Ad Position 22
No active advertisement
ਪਿਛਲੀ ਖ਼ਬਰ ਕਈ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਮਾੜੇ ਹਾਲਾਤ ’ਚ ਝਾੜੀਆਂ ’ਚੋਂ ਬਰਾਮਦ ਅਗਲੀ ਖ਼ਬਰ ਜਥੇਦਾਰ ਕਸ਼ਮੀਰ ਸਿੰਘ ਸਹੋਤਾ ਹਲਕਾ ਖਡੂਰ ਸਾਹਿਬ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਨਿਯੁਕਤ
Ad Position 24
No active advertisement