ਆਲਮਗੀਰ, 1 ਮਈ (ਜਰਨੈਲ ਸਿੰਘ ਪੱਟੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲਮਗੀਰ ਵਿਖੇ ਬਿਜਨਸ ਬਲਾਸਟਰ ਪ੍ਰੋਗਰਾਮ ਤਹਿਤ ਵਿਦਿਆਰਥੀਆਂ 'ਚ ਉਦਮਤਾ ਦੇ ਗੁਣ ਪੈਦਾ ਕਰਨ ਹਿਤ ਇਕ ਮੇਲਾ ਲਗਾਇਆ ਗਿਆ | ਇਸ ਵਿਚ ਵਿਦਿਆਰਥੀਆਂ ਨੇ ਆਈਸਕ੍ਰੀਮ, ਗੋਲਗੱਪੇ, ਮਿਲਕ ਸ਼ੇਕ, ਬਰੈੱਡ ਸੈਂਡਵਿਚ ਆਦਿ ਦੇ ਸਟਾਲ ਲਗਾ ਕੇ ਆਪਣੀ ਕਾਰੋਬਾਰੀ ਸੂਝਬੂਝ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਪੰਚ ਕਰਨਜੋਤ ਸਿੰਘ ਜੋਤੀ ਗਰੇਵਾਲ ਨੇ ਸਟਾਲਾਂ ਦਾ ਉਦਘਾਟਨ ਕਰਕੇ ਵਿਦਿਆਰਥੀਆਂ ਤੋਂ ਖਰੀਦਦਾਰੀ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ | ਸਰਪੰਚ ਕਰਨਜੋਤ ਸਿੰਘ ਆਲਮਗੀਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਐਸੇ ਉਪਰਾਲੇ ਲਗਾਤਾਰ ਜਾਰੀ ਰੱਖੇ ਹੋਏ ਹਨ ਤਾਂ ਜੋ ਵਿਦਿਆਰਥੀ ਵਰਗ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੇ ਕਾਰੋਬਾਰ ਨੂੰ ਆਸਾਨੀ ਨਾਲ ਚਲਾ ਸਕਣ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦੇ ਸਟਾਲਾਂ ਤੋਂ ਦਿਲ ਖੋਲ੍ਹ ਕੇ ਖਰੀਦਦਾਰੀ ਕਰਕੇ ਉਨ੍ਹਾਂ ਨੂੰ ਸਮਰਥਨ ਦਿੱਤਾ | ਅਖੀਰ ਵਿਚ ਸਕੂਲ ਇੰਚਾਰਜ ਨਰਿੰਦਰ ਕੌਰ, ਨੀਰੂ ਸੇਠੀ, ਅਮਰਦੀਪ ਕੌਰ, ਰਮਨਦੀਪ ਕੌਰ, ਹਰਸਿਮਰਨ ਕੌਰ ਨੇ ਸਾਂਝੇ ਤੌਰ 'ਤੇ ਸਰਪੰਚ ਕਰਨਜੋਤ ਸਿੰਘ ਗਰੇਵਾਲ ਅਤੇ ਪੰਚਾਇਤ ਮੈਂਬਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪੰਚਾਇਤ ਮੈਂਬਰ ਰਾਮਆਸਰਾ ਸਿੰਘ, ਮੈਂਬਰ ਹਰਜੀਤ ਸਿੰਘ, ਭੋਲਾ ਸਿੰਘ ਸਮੇਤ ਸਮੂਹ ਪੰਚਾਇਤ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |