ਲੁਧਿਆਣਾ, 28 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਪੱਖੋਵਾਲ ਰੋਡ ਸਥਿਤ ਸਿਧਵਾਂ ਕੈਨਾਲ ਨੇੜੇ ਲੱਗੇ ਰਾਸ਼ਟਰੀ ਝੰਡੇ ਦੀ ਖ਼ਰਾਬ ਹਾਲਤ ਨੂੰ ਲੈ ਕੇ ਲੋਕਾਂ ਵਿਚ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਇਲਾਕਾ ਨਿਵਾਸੀਆਂ ਅਨੁਸਾਰ ਉਥੇ ਲੱਗਿਆ ਤਿਰੰਗਾ ਪਿਛਲੇ ਕਈ ਦਿਨਾਂ ਤੋਂ ਖ਼ਰਾਬ ਹਾਲਤ ਵਿਚ ਲਹਿਰਾ ਰਿਹਾ ਹੈ, ਜਿਸ ਕਾਰਨ ਲੋਕਾਂ ਦੀਆਂ ਭਾਵਨਾਵਾਂ ਅਤੇ ਤਿਰੰਗੇ ਦੀ ਮਰਿਆਦਾ ਨੂੰ ਵੀ ਠੇਸ ਪੁੱਜ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਇਸ ਸਥਾਨ ’ਤੇ ਲੱਗੇ ਰਾਸ਼ਟਰੀ ਝੰਡੇ ਦੀ ਅਜਿਹੀ ਹਾਲਤ ਸਾਹਮਣੇ ਆਈ ਹੋਵੇ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾ ਵੀ ਇੱਥੇ ਲੱਗਿਆ ਤਿਰੰਗਾ ਕਈ ਵਾਰ ਖ਼ਰਾਬ ਹੋ ਚੁੱਕਾ ਹੈ। ਇਸ ਕਾਰਨ ਲੋਕਾਂ ਵਿਚ ਇਹ ਚਰਚਾ ਹੈ ਕਿ ਸ਼ਾਇਦ ਝੰਡੇ ਲਈ ਵਰਤਿਆ ਜਾਣ ਵਾਲਾ ਕੱਪੜਾ ਬਾਹਰੀ ਮੌਸਮੀ ਹਾਲਾਤਾਂ ਨੂੰ ਸਹਿਣ ਲਈ ਉਚਿੱਤ ਗੁਣਵੱਤਾ ਦਾ ਨਹੀਂ ਹੈ। ਇਲਾਕਾ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਮੰਗ ਰੱਖੀ ਹੈ ਕਿ ਪਾਟੇ ਹੋਏ ਰਾਸ਼ਟਰੀ ਝੰਡੇ ਨੂੰ ਤੁਰੰਤ ਬਦਲ ਉਥੇ ਉਚ ਗੁਣਵੱਤਾ ਵਾਲਾ ਨਵਾਂ ਤਿਰੰਗਾ ਲਗਾਇਆ ਜਾਵੇ ਤਾਂ ਜੋ ਦੇਸ਼ ਦੀ ਸ਼ਾਨ, ਮਾਣ ਅਤੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਬਣਿਆ ਰਹੇ। ਲੋਕਾਂ ਨੇ ਕਿਹਾ ਕਿ ਤਿਰੰਗਾ ਸਿਰਫ਼ ਇਕ ਝੰਡਾ ਨਹੀਂ, ਸਗੋਂ ਦੇਸ਼ ਦਾ ਮਾਣ ਅਤੇ ਸ਼ਹੀਦਾਂ ਦੀ ਸ਼ਹਾਦਤ ਦਾ ਪ੍ਰਤੀਕ ਹੈ। ਅਜਿਹੇ ਵਿਚ ਇਸ ਦੀ ਸੰਭਾਲ ਅਤੇ ਸਤਿਕਾਰ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।